Iran-Israel war: ਗੁਰੂਗ੍ਰਾਮ ਵਿਖੇ ਭਾਰਤੀ ਜਲ ਸੈਨਾ ਵੱਲੋਂ ਚਲਾਏ ਜਾਂਦੇ ਇਨਫਰਮੇਸ਼ਨ ਫਿਊਜ਼ਨ ਸੈਂਟਰ – ਇੰਡੀਅਨ ਓਸ਼ਨ ਰੀਜਨ ਨੇ ਇੱਕ ਮੁਲਾਂਕਣ ਕੀਤਾ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਹੋਰਮੁਜ਼ ਜਲਮਾਰਗ ਦੇ ਆਲੇ-ਦੁਆਲੇ ਹਾਲਾਤ ਲਗਾਤਾਰ ਬਦਲ ਰਹੇ ਹਨ ਅਤੇ ਖਤਰਾ ਪੂਰਬ ਵੱਲ ਯਾਨੀ ਕਿ ਓਮਾਨ ਦੀ ਖਾੜੀ ਵੱਲ ਵਧ ਰਿਹਾ ਹੈ।
ਆਈ ਐੱਫ ਸੀ- ਆਈ ਓ ਆਰ (IFC-IOR) ਇੱਕ ਬਹੁ-ਦੇਸ਼ੀ ਢਾਂਚਾ ਹੈ ਜਿਸ ਵਿੱਚ ਕਈ ਦੇਸ਼ਾਂ ਦੇ ਨੁਮਾਇੰਦੇ ਸ਼ਾਮਲ ਹਨ ਅਤੇ 20 ਤੋਂ ਵੱਧ ਦੇਸ਼ ਵਪਾਰਕ ਜਹਾਜ਼ਾਂ ਬਾਰੇ ਡਾਟਾ ਸਾਂਝਾ ਕਰ ਰਹੇ ਹਨ ਤਾਂ ਜੋ ਇੱਕ ਸਾਂਝੀ ਰਣਨੀਤੀ ਬਣਾਈ ਜਾ ਸਕੇ। ਮੰਗਲਵਾਰ ਰਾਤ ਨੂੰ ਆਪਣੇ ਅਪਡੇਟ ਵਿੱਚ IFC-IOR ਨੇ ਕਿਹਾ, “ਹੋਰਮੁਜ਼ ਜਲਮਾਰਗ ਦੇ ਆਲੇ-ਦੁਆਲੇ ਦੇ ਹਾਲਾਤ ਲਗਾਤਾਰ ਬਦਲ ਰਹੇ ਹਨ ਕਿਉਂਕਿ ਖ਼ਤਰੇ ਵਾਲੀਆਂ ਗਤੀਵਿਧੀਆਂ ਪੂਰਬ ਵੱਲ ਨੂੰ ਵਧ ਰਹੀਆਂ ਹਨ।”
ਹੋਰਮੁਜ਼ ਜਲਮਾਰਗ ਦੇ ਪੂਰਬ ਵਿੱਚ, ਖਾਸ ਕਰਕੇ ਓਮਾਨ ਦੀ ਖਾੜੀ ‘ਚ ਛੇ ਸਮੁੰਦਰੀ ਜਹਾਜ਼ਾਂ ਨਾਲ ਵਾਪਰੇ ਹਾਦਸਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਜੋਖ਼ਮ ਵਧ ਰਿਹਾ ਹੈ, ਜਿਸ ਕਰਕੇ ਊਰਜਾ ਤੇ ਵਸਤੂਆਂ ਦੀ ਸਪਲਾਈ ਚੇਨਾਂ ‘ਤੇ ਦਬਾਅ ਬਣਿਆ ਰਹੇਗਾ ਅਤੇ ਜੰਗੀ ਜੋਖ਼ਮ ਬੀਮਾ ਪ੍ਰੀਮੀਅਮ ਵੀ ਮਹਿੰਗੇ ਰਹਿਣਗੇ।
ਉੱਥੇ ਹੀ ਇੱਕ ਵੱਖਰਾ ਕਦਮ ਚੁੱਕਦਿਆਂ, ਭਾਰਤੀ ਜਲ ਸੈਨਾ ਨੇ ਇਰਾਨ ਅਤੇ ਓਮਾਨ ਦੇ ਵਿਚਕਾਰ ਮਹੱਤਵਪੂਰਨ ਹੋਰਮੁਜ਼ ਜਲਮਾਰਗ ਤੋਂ ਹੋ ਕੇ ਗੁਜਰਣ ਵਾਲੇ ਐਲ.ਪੀ.ਜੀ ਅਤੇ ਕੱਚੇ ਤੇਲ ਦੇ ਜਹਾਜ਼ਾਂ ਨੂੰ ਸੁਰੱਖਿਆ ਦੇਣ ਲਈ ਆਪਣੀ ਤਾਇਨਾਤੀ ਵਧਾ ਦਿੱਤੀ ਹੈ। ਹੁਣ ਤੱਕ ਹੋਰਮੁਜ਼ ਸੰਕਟ ਲਈ ਨਿਗਰਾਨੀ ਜਹਾਜ਼ਾਂ ਅਤੇ ਯੂ.ਏ.ਵੀਜ਼ (ਡਰੋਨ) ਤੋਂ ਇਲਾਵਾ 6 ਤੋਂ 8 ਜਹਾਜ਼ ਡਿਊਟੀ ‘ਤੇ ਹਨ।
ਸੂਤਰਾਂ ਨੇ ਦੱਸਿਆ ਕਿ ਜਲ ਸੈਨਾ ਨੇ ਦੋ ਟਾਸਕ ਫੋਰਸਾਂ ਗਠਿਤ ਕੀਤੀਆਂ ਹਨ ਅਤੇ ਹੋਰਮੁਜ਼-ਡਿਊਟੀ ‘ਤੇ ਜੰਗੀ ਜਹਾਜ਼ਾਂ ਦੀ ਗਿਣਤੀ ਐਤਵਾਰ ਨੂੰ ਤਾਇਨਾਤ ਤਿੰਨ ਜੰਗੀ ਜਹਾਜ਼ਾਂ ਤੋਂ ਵੱਧ ਹੋ ਗਈ ਹੈ। ਇਸ ਸਮੇਂ ਘੱਟੋ-ਘੱਟ ਛੇ ਤੋਂ ਅੱਠ ਜੰਗੀ ਜਹਾਜ਼ ਤਾਇਨਾਤ ਕੀਤੇ ਗਏ ਹਨ। ਇਹ ਕਦਮ ਭਾਰਤ ਸਰਕਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਪ੍ਰਸਤਾਵਿਤ ਕਿਸੇ ਵੀ ਬਹੁ-ਦੇਸ਼ੀ ਗੱਠਜੋੜ ਵਿੱਚ ਸ਼ਾਮਲ ਹੋਏ ਬਿਨਾਂ ਸੁਤੰਤਰ ਤੌਰ ‘ਤੇ ਚੁੱਕ ਰਹੀ ਹੈ।
ਦੇਸ਼ ਵਿਚਲੇ ਸੂਤਰਾਂ ਨੇ ਤਾਇਨਾਤ ਕੀਤੇ ਗਏ ਫੌਜੀ ਸਾਜ਼ੋ-ਸਮਾਨ ਦੀ ਕਿਸਮ ਦਾ ਖੁਲਾਸਾ ਨਹੀਂ ਕੀਤਾ, ਪਰ ਉਨ੍ਹਾਂ ਨੇ ਇਹ ਜ਼ਰੂਰ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਐਲਪੀਜੀ ਅਤੇ ਕੱਚੇ ਤੇਲ ਦੇ ਬੇੜੇ ਹੋਰਮੁਜ਼ ਜਲਡਮਰੂ ਵਿੱਚੋਂ ਲੰਘਣ ਦੀ ਉਮੀਦ ਹੈ।
ਜਲ ਸੈਨਾ ਦੇ ਤਿੰਨ ਮੋਹਰੀ ਜੰਗੀ ਜਹਾਜ਼ ਹੋਰਮੁਜ਼ ਦੇ ਬਿਲਕੁਲ ਬਾਹਰ ਓਮਾਨ ਦੀ ਖਾੜੀ ਵਿੱਚ ਤਾਇਨਾਤ ਕੀਤੇ ਗਏ ਸਨ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਭਾਰਤੀ ਐਲ.ਪੀ.ਜੀ ਜਹਾਜ਼ਾਂ ਨੂੰ ਸੁਰੱਖਿਆ ਪ੍ਰਦਾਨ ਕਰ ਰਹੇ ਹਨ। ਜੰਗੀ ਜਹਾਜ਼ ਆਪਣੇ ਬੋਰਡ ‘ਤੇ ਮੌਜੂਦ ਰਾਡਾਰਾਂ ਤੋਂ ਲਾਈਵ ਫੀਡ ਪ੍ਰਾਪਤ ਕਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਵਦੇਸ਼ੀ ਉਪਗ੍ਰਹਿਆਂ, ਸਮੁੰਦਰੀ ਨਿਗਰਾਨੀ ਜਹਾਜ਼ਾਂ ਅਤੇ ਡਰੋਨਾਂ ਰਾਹੀਂ ਵੀ ਸੂਚਨਾਵਾਂ ਮਿਲਦੀਆਂ ਰਹਿੰਦੀਆਂ ਹਨ।
ਜਲ ਸੈਨਾ ਦੇ ਦੋ ਜੰਗੀ ਜਹਾਜ਼ ਸਾਊਦੀ ਅਰਬ ਦੇ ਪ੍ਰਾਇਦੀਪ ਦੇ ਦੱਖਣੀ ਸਮੁੰਦਰੀ ਖੇਤਰ ਵਿੱਚ ਤਾਇਨਾਤ ਹਨ, ਇੱਕ ਜਹਾਜ਼ 2008 ਤੋਂ ਅਦਨ ਦੀ ਖਾੜੀ ਵਿੱਚ ਸਮੁੰਦਰੀ ਡਾਕੂਆਂ ਵਿਰੁੱਧ ਕਾਰਵਾਈ ਲਈ ਅਤੇ ਦੂਜਾ 2019 ਤੋਂ ਓਮਾਨ ਦੀ ਖਾੜੀ ਵਿੱਚ ਮੌਜੂਦ ਹੈ। ਹੋਰਮੁਜ਼ ਵਿੱਚ ਸੰਕਟ ਕਾਰਨ ਇੱਕ ਹੋਰ ਜੰਗੀ ਜਹਾਜ਼ ਵਧਾਇਆ ਗਿਆ ਹੈ। ਭਾਰਤੀ ਜਲ ਸੈਨਾ ਕੋਲ ਓਮਾਨ ਦੀਆਂ ਡੁਕਮ ਅਤੇ ਸਲਾਲਾਹ ਬੰਦਰਗਾਹਾਂ ‘ਤੇ ਤੇਲ ਭਰਨ ਅਤੇ ਸਪਲਾਈ ਮੁੜ ਜਮ੍ਹਾਂ ਕਰਨ ਦਾ ਬਦਲ ਹੈ।






