ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਵੀਰਵਾਰ ਨੂੰ ਕਿਹਾ ਕਿ ਸੋਸ਼ਲ ਮੀਡੀਆ ਦੀ ਲੋਕਾਂ ਵੱਲੋਂ ਵੱਡੇ ਪੱਧਰ ‘ਤੇ ਵਰਤੋਂ ਕੀਤੀ ਜਾਂਦੀ ਹੈ ਅਤੇ ਆਰਐੱਸਐੱਸ ਨੂੰ ਚੰਗੇ ਕੰਮਾਂ ਲਈ ਅਜਿਹੇ ਪਲੇਟਫਾਰਮਾਂ ‘ਤੇ ਆਪਣੀ “ਸਰਗਰਮੀ” ਵਧਾਉਣ ਦੀ ਲੋੜ ਹੈ।
ਨਾਗਪੁਰ ਵਿਖੇ ਇੱਕ ਸਮਾਗਮ ਵਿੱਚ ਆਰਐੱਸਐੱਸ ਮੁਖੀ ਨੇ ਕਿਹਾ ਕਿ ਜਿੱਥੇ ਸੋਸ਼ਲ ਮੀਡੀਆ ਦੀ ਵਰਤੋਂ ਲੋਕ ਵਿਆਪਕ ਪੱਧਰ ਉੱਤੇ ਕਰਦੇ ਹਨ, ਉੱਥੇ ਇਸ ਦੀ ਵਰਤੋਂ ਕਿਸੇ ਨੇਕ ਕੰਮ ਲਈ ਵੀ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਕਿਹਾ, “ਮੀਮਜ਼ (Memes) ਅਤੇ ਰੀਲਾਂ ਪਹਿਲਾਂ ਹੀ ਪ੍ਰਚਲਨ ਵਿੱਚ ਹਨ। ਕੁਝ ਸਮੱਗਰੀ ਆਰ.ਐੱਸ.ਐੱਸ. ਦੇ ਸੰਚਾਰ ਵਿਭਾਗ ਰਾਹੀਂ ਪ੍ਰਸਾਰਿਤ ਕੀਤੀ ਜਾ ਰਹੀ ਹੈ ਅਤੇ ਸਾਡੇ ਸਵੈਮ ਸੇਵਕ ਵੀ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਹੇ ਹਨ। ਇਸ ਨੂੰ ਸਵੀਕਾਰ ਕੀਤਾ ਜਾਵੇਗਾ। ਮੈਂ ਇਸ ਨੂੰ ਕੋਈ ਉਮੀਦ ਨਹੀਂ ਕਹਾਂਗਾ, ਪਰ ਸਾਨੂੰ ਉੱਥੇ ਆਪਣੀ ਸਰਗਰਮੀ ਵਧਾਉਣੀ ਪਵੇਗੀ।”
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਕੱਠੇ ਕਰਨਾ ਅਤੇ ਸਮਾਜ ਨੂੰ ਬਦਲਣਾ ਦੋਵੇਂ ਹੀ ਜ਼ਰੂਰੀ ਹਨ। ਆਰਐੱਸਐੱਸ ਮੁਖੀ ਨੇ ਕਿਹਾ ਕਿ ਜਦੋਂ ਇੱਕ ਵਚਨਬੱਧਤਾ ਵਾਲਾ ਸਵੈਮ ਸੇਵਕ ਤਿਆਰ ਹੁੰਦਾ ਹੈ ਤਾਂ ਉਹ ਰਚਨਾਤਮਕ ਕੰਮ ਹੱਥ ਵਿੱਚ ਲੈਂਦਾ ਹੈ, ਜੋ ਸਮਾਜ ਵਿੱਚ ਫੈਲਦਾ ਹੈ ਅਤੇ ਲੋੜੀਂਦੇ ਬਦਲਾਅ ਵਿੱਚ ਯੋਗਦਾਨ ਪਾਉਂਦਾ ਹੈ।
ਆਰਐੱਸਐੱਸ ਮੁਖੀ ਅਨੁਸਾਰ, ”ਕਿਉਂਕਿ ਲੋਕਾਂ ਦੀਆਂ ਉਮੀਦਾਂ ਵਧ ਗਈਆਂ ਹਨ, ਵੱਖ-ਵੱਖ ਖੇਤਰਾਂ ਵਿੱਚ ਸਵੈਮ ਸੇਵਕਾਂ ਦੀ ਮੰਗ ਵੱਧ ਰਹੀ ਹੈ, ਜਿਸ ਕਰਕੇ ਬਿਹਤਰ ਕੁਸ਼ਲਤਾ ਲਈ ਛੋਟੀਆਂ ਇਕਾਈਆਂ ਜ਼ਰੂਰੀ ਹੋ ਗਈਆਂ ਹਨ।” ਉਨ੍ਹਾਂ ਕਿਹਾ ਕਿ ਸੰਗਠਨ ਦੇ ਵਧ ਰਹੇ ਕੰਮ ਲਈ ਸਰਕਾਰ ਅਤੇ ਪ੍ਰਸ਼ਾਸਨ ਨਾਲ ਸਮੇਂ-ਸਮੇਂ ‘ਤੇ ਗੱਲਬਾਤ ਦੀ ਵੀ ਲੋੜ ਹੈ, ਜਿਸ ਲਈ ਇੱਕ ਵੱਖਰਾ ਤਾਲਮੇਲ ਤੰਤਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਤਾਲਮੇਲ ਨੂੰ ਸੰਭਾਲਣ ਅਤੇ ਰੁਕਾਵਟਾਂ ਨੂੰ ਦੂਰ ਕਰਨ ਲਈ ਇੱਕ “ਪ੍ਰਦੇਸ਼-ਪੱਧਰੀ” ਇਕਾਈ ਸਥਾਪਤ ਕੀਤੀ ਜਾ ਰਹੀ ਹੈ।






