ਬੇਮੌਸਮੀ ਬਾਰਿਸ਼ ਕਾਰਨ ਇਸ ਸਾਲ ਮਾਰਚ ਮਹੀਨੇ ਵਿੱਚ ਏਅਰ ਕੰਡੀਸ਼ਨਰ, ਰੈਫਰਿਜਰੇਟਰ, ਏਅਰ ਕੂਲਰ, ਪੱਖੇ ਅਤੇ ਵਾਟਰ ਪਿਊਰੀਫਾਇਰ ਵਰਗੇ ਗਰਮੀਆਂ ਦੇ ਉਤਪਾਦਾਂ ਦੀ ਮੰਗ ਘਟ ਗਈ ਹੈ। ਜਨਵਰੀ ਅਤੇ ਫਰਵਰੀ ਵਿੱਚ ਪਹਿਲਾਂ ਦੱਖਣ ਅਤੇ ਫਿਰ ਉੱਤਰ ਵਿੱਚ ਹੋਈ ਬਾਰਿਸ਼ ਨੇ ਵਿਕਰੀ ਦੇ ਅਹਿਮ ਸਮੇਂ ਨੂੰ ਪ੍ਰਭਾਵਿਤ ਕੀਤਾ।
‘ਯੈੱਸ ਸਕਿਓਰਿਟੀਜ਼’ (Yes Securities) ਦੀ ਇੱਕ ਰਿਪੋਰਟ ਅਨੁਸਾਰ, ਡੀਲਰ ਗਰਮੀਆਂ ਦੇ ਸੀਜ਼ਨ ਲਈ ਸਟਾਕ ਜਮ੍ਹਾ ਕਰਨ ਵਿੱਚ ਸਾਵਧਾਨੀ ਵਰਤ ਰਹੇ ਹਨ ਅਤੇ ਇਨਵੈਂਟਰੀ ਦਾ ਪੱਧਰ ਪਿਛਲੇ ਸਾਲ ਨਾਲੋਂ 20 ਫੀਸਦੀ ਘੱਟ ਗਿਆ ਹੈ। ਇਸੇ ਤਰ੍ਹਾਂ ਤਾਰਾਂ ਅਤੇ ਕੇਬਲਾਂ ਦੇ ਖੇਤਰ ਵਿੱਚ ਵੀ ਮਾਰਚ ਵਿੱਚ ਮੰਗ ਕਮਜ਼ੋਰ ਰਹੀ ਕਿਉਂਕਿ ਉਸਾਰੀ ਖੇਤਰ ਦੇ ਖਰੀਦਦਾਰ ਕੀਮਤਾਂ ਘਟਣ ਦੀ ਉਮੀਦ ਵਿੱਚ ਖਰੀਦਦਾਰੀ ਵਿੱਚ ਦੇਰੀ ਕਰ ਰਹੇ ਹਨ।
ਰਿਪੋਰਟ ਮੁਤਾਬਕ ਪੋਲੀਕੈਬ ਅਤੇ ਕੇਈਆਈ (KEI) ਵਰਗੀਆਂ ਵੱਡੀਆਂ ਕੰਪਨੀਆਂ ਨੇ ਮਾਰਚ ਦੇ ਅਖੀਰ ਵਿੱਚ ਕੀਮਤਾਂ ਵਿੱਚ 3-4 ਫੀਸਦੀ ਵਾਧਾ ਕੀਤਾ ਹੈ, ਜਦਕਿ ਛੋਟੇ ਖਿਡਾਰੀਆਂ ਨੇ ਕੀਮਤਾਂ ਵਿੱਚ ਲਗਪਗ 10 ਫੀਸਦੀ ਵਾਧਾ ਕੀਤਾ ਹੈ। ਪੱਖਿਆਂ ਦੇ ਹਿੱਸੇ ਵਿੱਚ ਮਾਮੂਲੀ ਵਾਧਾ ਦੇਖਿਆ ਗਿਆ ਹੈ, ਜਿਸ ਵਿੱਚ ਊਰਜਾ ਦੀ ਬਚਤ ਕਰਨ ਵਾਲੇ ਬੀਐਲਡੀਸੀ (BLDC) ਪੱਖਿਆਂ ਦੀ ਹਿੱਸੇਦਾਰੀ ਮਾਰਚ ਵਿੱਚ 30 ਫੀਸਦੀ ਤੋਂ ਵੱਧ ਰਹੀ।
ਹਾਲਾਂਕਿ, ਲਾਈਟਿੰਗ ਸੈਕਟਰ ਅਜੇ ਵੀ ਕਮਜ਼ੋਰ ਬਣਿਆ ਹੋਇਆ ਹੈ। ਮੰਗ ਵਿੱਚ ਇਸ ਅਸਥਾਈ ਗਿਰਾਵਟ ਦੇ ਬਾਵਜੂਦ, ਰਿਪੋਰਟ ਵਿੱਚ ਭਵਿੱਖਬਾਣੀ ਕੀਤੀ ਗਈ ਹੈ ਕਿ ਗਰਮੀਆਂ ਦੇ ਉਤਪਾਦਾਂ ਦੀ ਆਮਦਨ ਵਿੱਚ ਦੋ ਅੰਕਾਂ ਦਾ ਵਾਧਾ ਹੋਵੇਗਾ ਅਤੇ ਕੀਮਤਾਂ ਵਿੱਚ ਵਾਧੇ ਦੇ ਸਹਾਰੇ ਇਸ ਸੀਜ਼ਨ ਵਿੱਚ ਵਿਕਾਸ ਦੀ ਸੰਭਾਵਨਾ ਬਰਕਰਾਰ ਰਹੇਗੀ।






