ਚਾਰ ਸੂਬਿਆਂ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਵੋਟਿੰਗ ਪ੍ਰਕਿਰਿਆ ਅੱਜ ਮੁਕੰਮਲ ਹੋਣ ਤੋਂ ਬਾਅਦ ਜਾਰੀ ਕੀਤੇ ਗਏ ਦੋ ਐਗਜ਼ਿਟ ਪੋਲ ਅਨੁਸਾਰ ਅਸਾਮ ਵਿੱਚ ਭਾਜਪਾ ਦੀ ਅਗਵਾਈ ਵਾਲੀ NDA ਮੁੜ ਸੱਤਾ ਹਾਸਲ ਕਰਦੀ ਨਜ਼ਰ ਆ ਰਹੀ ਹੈ।
‘ਐਕਸਿਸ ਮਾਈ ਇੰਡੀਆ’ ਨੇ ਪੇਸ਼ੀਨਗੋਈ ਕੀਤੀ ਹੈ ਕਿ ਭਾਜਪਾ 88-100 ਸੀਟਾਂ ਹਾਸਲ ਕਰੇਗੀ, ਜਦੋਂ ਕਿ ਕਾਂਗਰਸ ਨੂੰ 24 ਤੋਂ 36 ਸੀਟਾਂ ਮਿਲਣ ਦੀ ਉਮੀਦ ਹੈ। ਰਾਜ ਦੀਆਂ ਕੁੱਲ 126 ਵਿਧਾਨ ਸਭਾ ਸੀਟਾਂ ਲਈ 9 ਅਪਰੈਲ ਨੂੰ ਵੋਟਾਂ ਪਈਆਂ ਸਨ। ਦੂਜੇ ਪਾਸੇ, JVC ਨੇ ਭਾਜਪਾ ਲਈ 88-101 ਸੀਟਾਂ ਅਤੇ ਕਾਂਗਰਸ ਲਈ 23-33 ਸੀਟਾਂ ਦੀ ਭਵਿੱਖਬਾਣੀ ਕੀਤੀ ਹੈ। ਇਸ ਨੇ AIUDF ਨੂੰ 0-2 ਅਤੇ ਹੋਰਾਂ ਨੂੰ ਤਿੰਨ ਸੀਟਾਂ ਦਿੱਤੀਆਂ ਹਨ।
ਅਸਾਮ ਵਿੱਚ ਇਸ ਵਾਰ 85.38 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਕਾਂਗਰਸ ਨੇ ਸੱਤਾਧਾਰੀ NDA ਦਾ ਮੁਕਾਬਲਾ ਕਰਨ ਲਈ ਛੇ ਪਾਰਟੀਆਂ ਦਾ ਗਠਜੋੜ ਬਣਾਇਆ ਸੀ ਜੋ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੀ ਹੈ।
ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਕਿਹਾ ਸੀ ਕਿ ਜੇਕਰ ਭਾਜਪਾ ਦੀ ਅਗਵਾਈ ਵਾਲੀ NDA ਸੀਟਾਂ ਦੇ ਮਾਮਲੇ ਵਿੱਚ ਤਿੰਨ ਅੰਕੜਿਆਂ (100 ਤੋਂ ਵੱਧ) ਤੱਕ ਪਹੁੰਚ ਜਾਂਦੀ ਹੈ ਤਾਂ ਉਨ੍ਹਾਂ ਨੂੰ ਕੋਈ ਹੈਰਾਨੀ ਨਹੀਂ ਹੋਵੇਗੀ। ਉਨ੍ਹਾਂ ਨੇ ANI ਨੂੰ ਦੱਸਿਆ ਕਿ ਜਿਹੜੇ ਭਾਈਚਾਰੇ ਰਵਾਇਤੀ ਤੌਰ ‘ਤੇ ਵੋਟਿੰਗ ਵਿੱਚ ਘੱਟ ਹਿੱਸਾ ਲੈਂਦੇ ਸਨ, ਉਨ੍ਹਾਂ ਨੇ ਵੀ ਇਸ ਵਾਰ ਉਤਸ਼ਾਹ ਨਾਲ ਵੋਟ ਪਾਈ ਹੈ।
ਸਰਮਾ ਨੇ ਕਿਹਾ, “ਬੰਗਲਾਦੇਸ਼ੀ ਮੂਲ ਦੇ ਮੁਸਲਿਮ ਭਾਈਚਾਰੇ ਵਿੱਚ ਵੋਟਿੰਗ ਫੀਸਦੀ ਪਹਿਲਾਂ 95 ਤੋਂ 96 ਫੀਸਦੀ ਹੁੰਦੀ ਸੀ, ਜਦੋਂ ਕਿ ਬਾਕੀ ਅਸਾਮੀ ਸਮਾਜ ਵਿੱਚ ਇਹ 75-76 ਫੀਸਦੀ ਦੇ ਕਰੀਬ ਹੁੰਦੀ ਸੀ। ਇਸ ਵਾਰ ਦੋਵਾਂ ਭਾਈਚਾਰਿਆਂ ਵਿੱਚ ਮੁਕਾਬਲਾ ਸੀ ਅਤੇ ਮੈਨੂੰ ਲੱਗਦਾ ਹੈ ਕਿ ਕੁੱਲ ਵੋਟਿੰਗ ਲਗਪਗ 86-87 ਫੀਸਦੀ ਰਹੇਗੀ।”
ਯਾਦ ਰਹੇ ਕਿ 2021 ਦੀਆਂ ਚੋਣਾਂ ਵਿੱਚ NDA ਨੇ 126 ਵਿੱਚੋਂ 75 ਸੀਟਾਂ ਜਿੱਤੀਆਂ ਸਨ, ਜਿਨ੍ਹਾਂ ਵਿੱਚੋਂ ਭਾਜਪਾ 60 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਸੀ। ਤਾਮਿਲਨਾਡੂ, ਪੱਛਮੀ ਬੰਗਾਲ, ਕੇਰਲ, ਅਸਾਮ ਅਤੇ ਪੁਡੂਚੇਰੀ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜੇ 4 ਮਈ ਨੂੰ ਐਲਾਨੇ ਜਾਣਗੇ। ਅਸਾਮ, ਕੇਰਲ ਅਤੇ ਪੁਡੂਚੇਰੀ ਵਿੱਚ 9 ਅਪਰੈਲ ਨੂੰ, ਤਾਮਿਲਨਾਡੂ ਵਿੱਚ 23 ਅਪਰੈਲ ਨੂੰ ਅਤੇ ਪੱਛਮੀ ਬੰਗਾਲ ਵਿੱਚ ਦੋ ਪੜਾਵਾਂ (23 ਅਪਰੈਲ ਅਤੇ 29 ਅਪਰੈਲ) ਵਿੱਚ ਵੋਟਾਂ ਪਈਆਂ ਸਨ।






