ਮੈਦਾਨੀ ਇਲਾਕਿਆ ਵਿੱਚ ਪੈ ਰਹੀ ਭਿਆਨਕ ਗਰਮੀ ਵਿਚਾਲੇ ਹਿਮਾਚਲ ਦੇ ਉੱਚੇ ਪਹਾੜੀ ਖੇਤਰਾਂ ‘ਚ ਬਰਫ਼ਬਾਰੀ ਅਤੇ ਬਾਕੀ ਇਲਾਕਿਆਂ ਵਿੱਚ ਮੀਂਹ ਪੈਣ ਦਾ ਸਿਲਸਿਲਾ 5 ਮਈ ਤੱਕ ਜਾਰੀ ਰਹਿ ਸਕਦਾ ਹੈ। ਇਹ ਸਭ ਇੱਕ ਨਵੀਂ ਪੱਛਮੀ ਗੜਬੜੀ ਕਰਕੇ ਹੋ ਰਿਹਾ ਹੈ, ਜਿਸ ਦਾ ਅਸਰ 2 ਮਈ ਤੋਂ ਪੱਛਮੀ ਪਹਾੜੀ ਖੇਤਰਾਂ ਵਿੱਚ ਦੇਖੇ ਜਾਣ ਦੀ ਪੂਰੀ ਸੰਭਾਵਨਾ ਹੈ।
ਸੂਬੇ ਦੇ ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ ਅਗਲੇ ਕੁਝ ਦਿਨਾਂ ਤੱਕ ਪੂਰੇ ਹਿਮਾਚਲ ਵਿੱਚ ਬਰਫ਼ਬਾਰੀ ਅਤੇ ਮੀਂਹ ਜਾਰੀ ਰਹੇਗਾ। 3 ਮਈ ਨੂੰ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਕਰਕੇ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ। ਇਸ ਸਮੇਂ ਦੌਰਾਨ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ 2 ਡਿਗਰੀ ਸੈਲਸੀਅਸ ਤੋਂ 3 ਡਿਗਰੀ ਸੈਲਸੀਅਸ ਤੱਕ ਦੀ ਕਮੀ ਆ ਸਕਦੀ ਹੈ।
ਪਿਛਲੇ 24 ਘੰਟਿਆਂ ਦੌਰਾਨ ਸ਼ਿਮਲਾ, ਮੰਡੀ, ਸੋਲਨ, ਊਨਾ ਅਤੇ ਮਨਾਲੀ ਸਮੇਤ ਸੂਬੇ ਦੇ ਕਈ ਇਲਾਕਿਆਂ ਵਿੱਚ ਹਲਕਾ ਮੀਂਹ ਪੈਂਦਾ ਰਿਹਾ। ਇਸ ਕਾਰਨ ਪੂਰੇ ਸੂਬੇ ਵਿੱਚ ਰਾਤ ਦਾ ਤਾਪਮਾਨ 2 ਡਿਗਰੀ ਸੈਲਸੀਅਸ ਤੋਂ 3 ਡਿਗਰੀ ਸੈਲਸੀਅਸ ਤੱਕ ਘਟ ਗਿਆ ਹੈ ਅਤੇ ਦਿਨ ਦੇ ਤਾਪਮਾਨ ਵਿੱਚ ਵੀ 4 ਡਿਗਰੀ ਸੈਲਸੀਅਸ ਤੋਂ 10 ਡਿਗਰੀ ਸੈਲਸੀਅਸ ਤੱਕ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।
ਸ਼ਿਮਲਾ ਵਿੱਚ ਵੱਧ ਤੋਂ ਵੱਧ ਤਾਪਮਾਨ 21.6 ਡਿਗਰੀ ਸੈਲਸੀਅਸ, ਧਰਮਸ਼ਾਲਾ 26 ਡਿਗਰੀ ਸੈਲਸੀਅਸ, ਮਨਾਲੀ 17 ਡਿਗਰੀ ਸੈਲਸੀਅਸ, ਕਾਂਗੜਾ 29.8 ਡਿਗਰੀ ਸੈਲਸੀਅਸ, ਮੰਡੀ 26.8 ਡਿਗਰੀ ਸੈਲਸੀਅਸ, ਸੋਲਨ 25 ਡਿਗਰੀ ਸੈਲਸੀਅਸ, ਤਾਬੋ 17.5 ਡਿਗਰੀ ਸੈਲਸੀਅਸ, ਸੁੰਦਰਨਗਰ 27 ਡਿਗਰੀ ਸੈਲਸੀਅਸ, ਨਾਹਨ 30.4 ਡਿਗਰੀ ਸੈਲਸੀਅਸ, ਭੁੰਤਰ 20.4 ਡਿਗਰੀ ਸੈਲਸੀਅਸ ਅਤੇ ਕਲਪਾ 19.1ਡਿਗਰੀ ਸੈਲਸੀਅਸ ਰਿਹਾ।
35.8 ਡਿਗਰੀ ਸੈਲਸੀਅਸ ਤਾਪਮਾਨ ਦੇ ਨਾਲ ਊਨਾ ਸੂਬੇ ਵਿੱਚ ਸਭ ਤੋਂ ਗਰਮ ਰਿਹਾ, ਜਦੋਂ ਕਿ ਲਾਹੌਲ-ਸਪੀਤੀ ਜ਼ਿਲ੍ਹੇ ਦਾ ਕੁਕੁਮਸੇਰੀ ਪਿੰਡ ਸਭ ਤੋਂ ਠੰਢਾ ਰਿਹਾ, ਜਿੱਥੇ ਘੱਟ ਤੋਂ ਘੱਟ ਤਾਪਮਾਨ 5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।






