ਤਪਾ ਮੰਡੀ ਦੇ ਨਾਮਦੇਵ ਮਾਰਗ ’ਤੇ ਇੱਕ ਕਾਰ ਦੀ ਲਪੇਟ ‘ਚ ਆਉਣ ਕਾਰਨ ਸਕੂਲ ਵਿਚੋਂ ਛੁੱਟੀ ਹੋਣ ’ਤੇ ਬੱਚਿਆਂ ਨੂੰ ਘਰ ਲਿਜਾ ਰਹੀ ਮਾਂ ਅਤੇ ਬੱਚਿਆਂ ਨਾਲ ਵਾਪਰੇ ਹਾਦਸੇ ‘ਚ ਸਕੂਲੀ ਬੱਚੀ ਗੰਭੀਰ ਜ਼ਖਮੀ ਹੋ ਗਈ ਹੈ, ਜਦ ਕਿ ਦੂਸਰੇ ਦੋ ਹੋਰ ਬੱਚਿਆਂ ਦਾ ਬਚਾਅ ਰਿਹਾ ਤੇ ਮਾਂ ਦੇ ਮਾਮੂਲੀ ਸੱਟਾਂ ਲੱਗੀਆਂ।
ਜਾਣਕਾਰੀ ਅਨੁਸਾਰ ਪ੍ਰਵੀਨ ਰਾਣੀ ਵਾਸੀ ਤਪਾ ਰੋਜ਼ਾਨਾ ਦੀ ਤਰ੍ਹਾਂ ਆਪਣੇ ਬੱਚਿਆਂ ਨੂੰ ਸਕੂਲ ਵਿਚੋਂ ਛੁੱਟੀ ਹੋਣ ਉਪਰੰਤ ਘਰ ਲਿਜਾਣ ਲਈ ਆਈ ਸੀ। ਜਦੋਂ ਉਹ ਆਪਣੇ ਤਿੰਨ ਬੱਚਿਆਂ ਸਮੇਤ ਸਕੂਟਰੀ ’ਤੇ ਸਵਾਰ ਹੋ ਕੇ ਗਲਤ ਸਾਈਡ ਤੋਂ ਆਪਣੇ ਘਰ ਜਾ ਰਹੇ ਸਨ ਤਾਂ ਸਾਹਮਣੇ ਤੋਂ ਆ ਰਹੀ ਇੱਕ ਕਾਰ ਜਿਸ ਨੂੰ ਇੱਕ ਮਹਿਲਾ ਚਲਾ ਰਹੀ ਸੀ ਨੇ ਉਹਨਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਜਿਸ ਕਾਰਨ ਇਸ ਹਾਦਸੇ ‘ਚ ਸਕੂਲੀ ਬੱਚੀ ਅਰਚਨਾ ਦੇਵੀ ਗੰਭੀਰ ਰੂਪ ‘ਚ ਜ਼ਖਮੀ ਹੋ ਗਈ, ਜਦ ਕਿ ਮਾਂ ਦੇ ਮਾਮੂਲੀ ਸੱਟਾ ਲੱਗੀਆਂ ਅਤੇ ਦੋ ਬੱਚਿਆਂ ਦਾ ਬਚਾਅ ਰਿਹਾ।
ਇਸ ਹਾਦਸੇ ‘ਚ ਸਕੂਟਰੀ ਬੁਰੀ ਤਰ੍ਹਾਂ ਨੁਕਸਾਨੀ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਮਿੰਨੀ ਸਹਾਰਾ ਕਲੱਬ ਨੂੰ ਦਿੱਤੀ, ਜਿਨ੍ਹਾਂ ਜ਼ਖਮੀ ਹੋਈ ਬੱਚੀ ਨੂੰ ਚੁੱਕ ਕੇ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਬੱਚੀ ਨੂੰ ਮੁੱਢਲੀ ਸਹਾਇਤਾ ਦੇ ਕੇ ਦੂਜੇ ਹਸਪਤਾਲ ਰੈਫਰ ਕਰ ਦਿੱਤਾ। ਘਟਨਾ ਦਾ ਪਤਾ ਲੱਗਦੇ ਹੀ ਤਪਾ ਸਿਟੀ ਪੁਲੀਸ ਦੇ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ ਸਨ।






