Heavy rain and storm in Chandigarh Punjab Haryana: ਮੌਸਮ ਵਿਭਾਗ (IMD) ਨੇ ਬੁੱਧਵਾਰ ਨੂੰ ਅਲਰਟ ਜਾਰੀ ਕਰਦਿਆਂ ਦੱਸਿਆ ਹੈ ਕਿ ਵੀਰਵਾਰ ਤੋਂ ਸ਼ਨਿਚਰਵਾਰ ਤੱਕ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿੱਚ ਝੱਖੜ ਆ ਸਕਦਾ ਹੈ। ਇਸ ਦੌਰਾਨ 70 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਜੋ 90 ਕਿਲੋਮੀਟਰ ਤੱਕ ਵੀ ਪਹੁੰਚ ਸਕਦੀਆਂ ਹਨ। ਇਸ ਦੇ ਨਾਲ ਹੀ ਕਈ ਇਲਾਕਿਆਂ ਵਿੱਚ ਤੇਜ਼ ਮੀਂਹ ਅਤੇ ਗੜੇਮਾਰੀ ਦੀ ਵੀ ਸੰਭਾਵਨਾ ਹੈ। ਦੂਜੇ ਪਾਸੇ 25 ਮਈ ਤੋਂ ਸ਼ੁਰੂ ਹੋਇਆ ਅਤਿ ਦੀ ਗਰਮੀ ਦਾ ਕਹਿਰ ਬੁੱਧਵਾਰ ਨੂੰ ਆਪਣੇ ਸਿਖਰ ’ਤੇ ਰਿਹਾ ਅਤੇ ਇਹ ਵੀਰਵਾਰ ਨੂੰ ਵੀ ਜਾਰੀ ਰਹੇਗਾ ਪਰ ਇਸ ਤੋਂ ਬਾਅਦ ਮੌਸਮ ਵਿੱਚ ਵੱਡੀ ਤਬਦੀਲੀ ਆਵੇਗੀ। ਸ਼ੁੱਕਰਵਾਰ ਨੂੰ ਮੌਸਮ ਵਿਚ ਬਦਲਾਅ ਦੇਖਣ ਨੂੰ ਮਿਲੇਗਾ ਜਿਸ ਕਾਰਨ ਮੌਸਮ ਵਿਭਾਗ ਨੇ ਚੰਡੀਗੜ੍ਹ, ਮੁਹਾਲੀ, ਪੰਚਕੂਲਾ, ਫ਼ਤਿਹਗੜ੍ਹ ਸਾਹਿਬ, ਰੋਪੜ, ਨਵਾਂਸ਼ਹਿਰ, ਗੁਰਦਾਸਪੁਰ, ਪਠਾਨਕੋਟ, ਅੰਬਾਲਾ ਅਤੇ ਯਮੁਨਾਨਗਰ ਦੇ ਕੁਝ ਹਿੱਸਿਆਂ ਲਈ ਸਭ ਤੋਂ ਗੰਭੀਰ ਯਾਨੀ ਰੈੱਡ ਅਲਰਟ ਜਾਰੀ ਕੀਤਾ ਹੈ।
ਵੀਰਵਾਰ ਤੋਂ ਮੌਸਮ ਵਿੱਚ ਇਕ ਦਮ ਬਦਲਾਅ ਆਵੇਗਾ, ਜਿੱਥੇ ਕੁਝ ਥਾਵਾਂ ’ਤੇ ਹਲਕੇ ਮੀਂਹ ਦੇ ਨਾਲ-ਨਾਲ 90 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਝੱਖੜ ਚੱਲਣ, ਬਿਜਲੀ ਚਮਕਣ ਅਤੇ ਗੜੇਮਾਰੀ ਦੀ ਸੰਭਾਵਨਾ ਹੈ। ਇਸ ਦਿਨ ਲਈ ‘ਓਰੇਂਜ ਅਲਰਟ’ ਜਾਰੀ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਇਹ ਸਿਸਟਮ ਪੂਰੀ ਤਰ੍ਹਾਂ ਸਰਗਰਮ ਹੋ ਜਾਵੇਗਾ ਅਤੇ ਇਲਾਕੇ ਵਿੱਚ ਭਾਰੀ ਮੀਂਹ ਪਵੇਗਾ। ਸ਼ਨਿਚਰਵਾਰ ਨੂੰ ਵੀ ਮੀਂਹ ਦਾ ਸਿਲਸਿਲਾ ਜਾਰੀ ਰਹੇਗਾ ਅਤੇ 50 ਤੋਂ 60 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ, ਜਿਸ ਨਾਲ ਅਲਰਟ ਘਟ ਕੇ ‘ਓਰੇਂਜ’ ਰਹਿ ਜਾਵੇਗਾ। ਐਤਵਾਰ ਨੂੰ ਸਿਰਫ਼ ਕੁਝ ਖਾਸ ਥਾਵਾਂ ‘ਤੇ ਹੀ ਹਲਕੀਆਂ ਕਣੀਆਂ ਪੈਣਗੀਆਂ ਅਤੇ ਕੋਈ ਖਾਸ ਚੇਤਾਵਨੀ ਨਹੀਂ ਹੋਵੇਗੀ। ਇਸ ਤੂਫ਼ਾਨੀ ਮੌਸਮ ਕਾਰਨ ਸ਼ੁੱਕਰਵਾਰ ਤੋਂ ਤਾਪਮਾਨ ਵਿੱਚ 6 ਤੋਂ 8 ਡਿਗਰੀ ਸੈਲਸੀਅਸ ਦੀ ਵੱਡੀ ਗਿਰਾਵਟ ਦੇਖਣ ਨੂੰ ਮਿਲੇਗੀ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੇਗੀ ਪਰ ਇਹ ਰਾਹਤ ਜ਼ਿਆਦਾ ਸਮਾਂ ਨਹੀਂ ਰਹੇਗੀ, ਕਿਉਂਕਿ ਸੋਮਵਾਰ ਅਤੇ ਮੰਗਲਵਾਰ ਤੋਂ ਮੌਸਮ ਫਿਰ ਖੁਸ਼ਕ ਹੋ ਜਾਵੇਗਾ ਅਤੇ ਤਾਪਮਾਨ ਦੁਬਾਰਾ ਵਧਣਾ ਸ਼ੁਰੂ ਹੋ ਜਾਵੇਗਾ।
ਫ਼ਰੀਦਕੋਟ ਅਤੇ ਰੋਹਤਕ ਰਹੇ ਸਭ ਤੋਂ ਗਰਮ
ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਅਤੇ ਹਰਿਆਣਾ ਵਿੱਚ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਿਹਾ ਅਤੇ ਕਈ ਥਾਵਾਂ ‘ਤੇ ਲੋਕਾਂ ਨੂੰ ਭਿਆਨਕ ਲੂ (ਹੀਟਵੇਵ) ਦਾ ਸਾਹਮਣਾ ਕਰਨਾ ਪਿਆ। ਬੁੱਧਵਾਰ ਦਾ ਦਿਨ ਇਸ ਸੀਜ਼ਨ ਦਾ ਸਭ ਤੋਂ ਗਰਮ ਦਿਨ ਰਿਹਾ, ਜਿੱਥੇ ਪੰਜਾਬ ਦਾ ਫ਼ਰੀਦਕੋਟ 46.1 ਡਿਗਰੀ ਸੈਲਸੀਅਸ ਦੇ ਨਾਲ ਸਭ ਤੋਂ ਗਰਮ ਰਿਹਾ ਅਤੇ ਹਰਿਆਣਾ ਦਾ ਰੋਹਤਕ 46.6 ਡਿਗਰੀ ਸੈਲਸੀਅਸ ਤਾਪਮਾਨ ਨਾਲ ਭਖਦਾ ਰਿਹਾ। ਪੰਜਾਬ ਦਾ ਔਸਤਨ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 4.1 ਡਿਗਰੀ ਅਤੇ ਹਰਿਆਣਾ ਦਾ 4.2 ਡਿਗਰੀ ਸੈਲਸੀਅਸ ਉੱਪਰ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ ਵੀ ਵੱਧ ਤੋਂ ਵੱਧ ਤਾਪਮਾਨ 43.1 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ 3 ਡਿਗਰੀ ਸੈਲਸੀਅਸ ਜ਼ਿਆਦਾ ਸੀ। ਮੌਸਮ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਵੀਰਵਾਰ ਨੂੰ ਕੇਂਦਰੀ, ਦੱਖਣੀ ਅਤੇ ਦੱਖਣ-ਪੱਛਮੀ ਪੰਜਾਬ ਅਤੇ ਪੂਰੇ ਹਰਿਆਣਾ ਵਿੱਚ ਤਾਪਮਾਨ 45 ਤੋਂ 47 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ, ਜਦਕਿ ਚੰਡੀਗੜ੍ਹ ਅਤੇ ਬਾਕੀ ਪੰਜਾਬ ਵਿੱਚ ਇਹ 42 ਤੋਂ 45 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ, ਪਰ 29 ਮਈ (ਸ਼ੁੱਕਰਵਾਰ) ਤੋਂ ਇਸ ਗਰਮੀ ਤੋਂ ਪੂਰੀ ਤਰ੍ਹਾਂ ਨਿਜਾਤ ਮਿਲ ਜਾਵੇਗੀ।
ਚੰਡੀਗੜ੍ਹ, ਮੁਹਾਲੀ, ਪੰਚਕੂਲਾ ਲਈ ਅਗਲੇ ਪੰਜ ਦਿਨਾਂ ਦਾ ਹਾਲ
ਵੀਰਵਾਰ: ਅਸਮਾਨ ਵਿੱਚ ਅੰਸ਼ਕ ਰੂਪ ਵਿੱਚ ਬੱਦਲ ਛਾਏ ਰਹਿਣਗੇ, ਗਰਜ-ਚਮਕ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਅਤੇ ਘੱਟ ਤੋਂ ਵੱਧ 23 ਡਿਗਰੀ ਸੈਲਸੀਅਸ ਰਹੇਗਾ।
ਸ਼ੁੱਕਰਵਾਰ: ਬੱਦਲਵਾਈ ਦੇ ਨਾਲ ਤੇਜ਼ ਤੂਫ਼ਾਨ ਅਤੇ ਮੀਂਹ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਅਤੇ ਘੱਟ ਤੋਂ ਘੱਟ 25 ਡਿਗਰੀ ਸੈਲਸੀਅਸ ਰਹੇਗਾ।
ਸ਼ਨਿਚਰਵਾਰ: ਗਰਜ-ਚਮਕ ਅਤੇ ਮੀਂਹ ਦਾ ਸਿਲਸਿਲਾ ਜਾਰੀ ਰਹੇਗਾ। ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਅਤੇ ਘੱਟ ਤੋਂ ਘੱਟ 24 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ।
ਐਤਵਾਰ: ਅਸਮਾਨ ਵਿੱਚ ਹਲਕੇ ਬੱਦਲ ਰਹਿਣਗੇ ਅਤੇ ਇਹ ਰਾਤ ਸਭ ਤੋਂ ਠੰਢੀ ਹੋਵੇਗੀ। ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਅਤੇ ਘੱਟ ਤੋਂ ਘੱਟ 20 ਡਿਗਰੀ ਸੈਲਸੀਅਸ ਰਹੇਗਾ।
ਸੋਮਵਾਰ: ਅਸਮਾਨ ਮੁੱਖ ਤੌਰ ‘ਤੇ ਸਾਫ਼ ਹੋ ਜਾਵੇਗਾ ਅਤੇ ਤਾਪਮਾਨ ਦੁਬਾਰਾ ਵਧ ਕੇ 36 ਡਿਗਰੀ ਅਤੇ ਘੱਟ ਤੋਂ ਘੱਟ 23 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ।






