ਬੀਬੀ ਪਰਮਜੀਤ ਕੌਰ ਖ਼ਾਲੜਾ ਨੇ ਅੱਜ ‘ਐਕਸ’ (X/ਟਵਿੱਟਰ) ਉੱਪਰ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਨੂੰ ਟੈਗ ਕਰਦਿਆਂ ਸ਼ਹੀਦ ਜਸਵੰਤ ਸਿੰਘ ਖ਼ਾਲੜਾ ਦੇ ਕਾਤਲਾਂ ਬਾਰੇ ਜਵਾਬ ਮੰਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਮਾਮਲਾ ਲਿਆਉਣ ਦੇ ਤਿੰਨ ਹਫ਼ਤਿਆਂ ਬਾਅਦ ਵੀ ਕਿਸੇ ਅਧਿਕਾਰੀ ਵੱਲੋਂ ਜਸਵੰਤ ਸਿੰਘ ਖ਼ਾਲੜਾ ਦੇ ਕਾਤਲ ਡੀ.ਐੱਸ.ਪੀ. ਜਸਪਾਲ ਸਿੰਘ, ਸਬ-ਇੰਸਪੈਕਟਰ ਸਤਨਾਮ ਸਿੰਘ ਅਤੇ ਜਸਬੀਰ ਸਿੰਘ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ।
ਫ਼ਰਾਰ ਕਾਤਲਾਂ ਲਈ ਸਰਕਾਰ ਜਵਾਬਦੇਹ
ਉਨ੍ਹਾਂ ਅੱਗੇ ਲਿਖਿਆ ਕਿ ਸਜ਼ਾ ਭੋਗ ਰਹੇ ਕਾਤਲਾਂ ਦੇ ਫ਼ਰਾਰ ਰਹਿਣ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਦੀ ਹੈ। ਪੰਜਾਬ ਦੇ ਲੋਕ ਅਤੇ ਪੀੜਤਾਂ ਦੇ ਪਰਿਵਾਰ ਇਸ ਦਾ ਜਵਾਬ ਲੈਣ ਦੇ ਹੱਕਦਾਰ ਹਨ।
ਸਰਬਜੀਤ ਸਿੰਘ ਚੀਮਾ ਵੱਲੋਂ ਵੀ ਸਰਕਾਰ ‘ਤੇ ਸਵਾਲ
ਦੂਜੇ ਪਾਸੇ ਸ਼ਹੀਦ ਭਗਤ ਸਿੰਘ ਦੇ ਰਿਸ਼ਤੇਦਾਰ ਦੇ ਵਕੀਲ ਸਰਬਜੀਤ ਸਿੰਘ ਚੀਮਾ ਨੇ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਦੇ ਸਵਾਲਾਂ ਦਾ ਵੀ ਕੋਈ ਜਵਾਬ ਨਹੀਂ ਆਇਆ। ਉਨ੍ਹਾਂ ਵੱਲੋਂ ਦੋ ਹਫ਼ਤੇ ਪਹਿਲਾਂ ਸਰਕਾਰ ਨੂੰ ਈਮੇਲ ਭੇਜੀ ਗਈ ਸੀ ਕਿ ਜਸਵੰਤ ਸਿੰਘ ਖ਼ਾਲੜਾ ਦਾ ਕਾਤਲ ਜਸਪਾਲ ਸਿੰਘ, ਸ਼ਹੀਦ ਭਗਤ ਸਿੰਘ ਦੇ ਰਿਸ਼ਤੇਦਾਰ ਕੁਲਜੀਤ ਸਿੰਘ ਢੱਠ ਨੂੰ ਵੀ ਜਾਨੋਂ ਮਾਰਨ ਦੀ ਨੀਅਤ ਨਾਲ ਅਗਵਾ ਕਰਨ ਦਾ ਦੋਸ਼ੀ ਪਾਇਆ ਗਿਆ ਸੀ ਅਤੇ ਇਸ ਕੇਸ ਵਿੱਚ ਉਸ ਨੂੰ ਵੱਖਰੀ 5 ਸਾਲ ਦੀ ਸਜ਼ਾ ਹੋਈ ਸੀ।
ਸਜ਼ਾ ਅਤੇ ਰਿਹਾਈ ਦੇ ਹਿਸਾਬ ‘ਤੇ ਚੁੱਪੀ
ਪੰਜਾਬ ਸਰਕਾਰ ਇਸ ਗੱਲ ਦਾ ਜਵਾਬ ਨਹੀਂ ਦੇ ਰਹੀ ਕਿ ਉਹ 5 ਸਾਲ ਦੀ ਸਜ਼ਾ ਨੂੰ ਕਿਸ ਖਾਤੇ ਪਾ ਕੇ ਜਸਪਾਲ ਸਿੰਘ ਨੂੰ ਜੇਲ੍ਹ ਤੋਂ ਰਿਹਾਈ ਦਿੱਤੀ ਗਈ ਹੈ, ਪਰ ਸਰਕਾਰ ਵੱਲੋਂ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ।
ਅਧਿਕਾਰੀਆਂ ਨੇ ਨਹੀਂ ਦਿੱਤਾ ਪ੍ਰਤੀਕਰਮ
ਇਸ ਮਾਮਲੇ ‘ਤੇ ਏ.ਡੀ.ਜੀ.ਪੀ. (ਜੇਲ੍ਹਾਂ) ਆਰ.ਕੇ. ਜੈਸਵਾਲ ਅਤੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਬਲਤੇਜ ਪੰਨੂ ਵੱਲੋਂ ਸੁਨੇਹਿਆਂ ਅਤੇ ਫ਼ੋਨ ਕਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ।






