Punjab News: ਬਾਰ ਐਸੋਸ਼ੀਏਸ਼ਨ ਮਾਲੇਰਕੋਟਲਾ ਦੇ ਪ੍ਰਧਾਨ ਅਰਵਿੰਦ ਸਿੰਘ ਮਾਵੀ ਦੀ ਅਗਵਾਈ ਹੇਠ ਅੱਜ ਵੱਡੀ ਗਿਣਤੀ ਵਕੀਲਾਂ ਨੇ ਧਰਨਾ ਦੇ ਕੇ ਕਈ ਘੰਟਿਆਂ ਤੱਕ ਡਿਪਟੀ ਕਮਿਸ਼ਨਰ ਦਾ ਦਫਤਰ ਘਿਰਾਓ ਕੀਤਾ। ਪ੍ਰਦਰਸ਼ਨਕਾਰੀ ਵਕੀਲ ਡਿਪਟੀ ਕਮਿਸ਼ਨਰ ’ਤੇ ਵਕੀਲਾਂ ਨਾਲ ਕਥਿਤ ਦੁਰਵਿਹਾਰ ਕਰਨ ਅਤੇ ਇੱਕ ਰਜਿਸਟਰੀ ਮਾਮਲੇ ’ਚ ਇੱਕ ਬੇਕਸੂਰ ਵਕੀਲ ਖ਼ਿਲਾਫ਼ ਪੁਲੀਸ ਕੇਸ ਦਰਜ ਕਰਵਾਉਣ ਦੀ ਕਾਰਵਾਈ ਕਰਨ ਦਾ ਦੋਸ਼ ਲਗਾ ਰਹੇ ਸਨ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਡੈਮੋਕ੍ਰੈਟਿਕ ਟੀਚਰਜ ਫਰੰਟ ਦੇ ਅਧਿਆਪਕਾਂ ਨੇ ਵੀ ਡਿਪਟੀ ਕਮਿਸ਼ਨਰ ਦੇ ਇੱਕ ਅਧਿਆਪਕ ਨਾਲ ਰਵੱਈਏ ਖ਼ਿਲਾਫ਼ ਡੀਸੀ ਦਫਤਰ ਦਾ ਘਿਰਾਓ ਕੀਤਾ ਸੀ। ਕੋਰਟ ਕੰਪਲੈਕਸ ਤੋਂ ਜ਼ੋਰਦਾਰ ਨਾਅਰੇਬਾਜੀ ਦੌਰਾਨ ਰੋੋੋਸ ਮਾਰਚ ਕਰਕੇ ਡੀਸੀ ਦੇ ਕਮਰੇ ਸਾਹਮਣੇ ਪਹੁੰਚੇ ਵਕੀਲਾਂ ਨੂੰ ਸ਼ਾਂਤ ਕਰਨ ਲਈ ਐੱਸਪੀ ਗੁਰਸ਼ਰਨਜੀਤ ਸਿੰਘ ਅਤੇ ਡੀਐੱਸਪੀ ਯਾਦਵਿੰਦਰ ਸਿੰਘ ਪਹੁੰਚ ਗਏ। ਦੋਵੇਂ ਪੁਲੀਸ ਅਧਿਕਾਰੀਆਂ ਦੇ ਸਾਂਝੇ ਯਤਨਾ ਸਦਕਾ ਅਖੀਰ ਡਿਪਟੀ ਕਮਿਸ਼ਨਰ ਵਿਰਾਜ ਐਸ ਤਿੜਕੇ ਨੇ ਧਰਨਾਕਾਰੀ ਵਕੀਲਾਂ ਦਰਮਿਆਨ ਪਹੁੰਚ ਕੇ ਉਨ੍ਹਾਂ ਦੀਆਂ ਗਲਤ ਫਹਿਮੀਆਂ ਦੂਰ ਕੀਤੀਆਂ।
ਇਸ ਤੋਂ ਪਹਿਲਾਂ ਧਰਨਾਕਾਰੀ ਵਕੀਲਾਂ ਜਿੰਨ੍ਹਾਂ ਵਿਚ ਵੱਡੀ ਗਿਣਤੀ ਮਹਿਲਾ ਵਕੀਲ ਵੀ ਮੌਜੂਦ ਸਨ ਨੂੰ ਸੰਬੋਧਨ ਕਰਦਿਆਂ ਬਾਰ ਦੇ ਸਾਬਕਾ ਜਨਰਲ ਸਕੱਤਰ ਐਡਵੋਕੇਟ ਮੁਹੰੰਮਦ ਅਯਾਜ ਨੇ ਦੋਸ਼ ਲਾਇਆ ਕਿ ਮਾਨਯੋਗ ਹਾਈ ਕੋਰਟ ਵੱਲੋਂ ਡੀਸੀ ਦੀ ਕੋਠੀ ਖਾਲੀ ਕਰਵਾਉਣ ਕਰਕੇ ਡਿਪਟੀ ਕਮਿਸ਼ਨਰ ਵਕੀਲਾਂ ਨਾਲ ਖਫਾ ਹਨ। ਇਹੀ ਕਾਰਨ ਹੈ ਕਿ ਇੱਕ ਜਮੀਨੀ ਮਾਮਲੇ ਵਿਚ ਰਜਿਸਟਰੀ ਲਿਖਣ ਵਾਲੇ ਬਾਰ ਦੇ ਮੈਂਬਰ ਵਕੀਲ ਖ਼ਿਲਾਫ਼ ਡਿਪਟੀ ਕਮਿਸ਼ਨਰ ਵੱਲੋਂ ਪੁਲੀਸ ਕਾਰਵਾਈ ਦੀ ਸਿਫਾਰਸ਼ ਕਰ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਕੋਰਟ ਕੰਪਲੈਕਸ ਲਈ ਸਰਕਾਰ ਵੱਲੋਂ ਗ੍ਰਹਿ ਤੇ ਨਿਆਂ ਵਿਭਾਗ ਦੇ ਨਾਂ ਇੰਤਕਾਲ ਕੀਤੀ ਜਮੀਨ ਵੀ ਜ਼ਿਲ੍ਹਾ ਅਧਿਕਾਰੀ ਪੂਰੀ ਕਰਨ ਤੋਂ ਟਾਲਾ ਵੱਟ ਰਹੇ ਹਨ। ਉਨ੍ਹਾਂ ਮੰਗ ਕੀਤੀ ਡਿਪਟੀ ਕਮਿਸ਼ਨਰ ਵਕੀਲਾਂ ਦਰਮਿਆਨ ਆ ਕੇ ਵਕੀਲਾਂ ਦੇ ਇਤਰਾਜ਼ਾਂ ਦਾ ਜਵਾਬ ਦੇਣ। ਆਪਣੇ ਦਫਤਰ ਅੱਗੇ ਧਰਨੇ ’ਤੇ ਬੈਠੇ ਵਕੀਲਾਂ ਨੂੰ ਡਿਪਟੀ ਕਮਿਸ਼ਨਰ ਨੇ ਯਕੀਨ ਦਿਵਾਇਆ ਕਿ ਭਵਿੱਖ ਵਿਚ ਉਨ੍ਹਾਂ ਨੂੰ ਜ਼ਿਲ੍ਹਾ ਦਫਤਰ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇੱਕ ਵਕੀਲ ਖ਼ਿਲਾਫ਼ ਪੁਲੀਸ ਕਾਰਵਾਈ ਦੀ ਕੀਤੀ ਸਿਫਾਰਸ਼ ਬਾਰੇ ਡੀਸੀ ਨੇ ਸਪੱਸ਼ਟ ਕੀਤਾ ਕਿ ਇਸ ਸਬੰਧੀ ਕਨੂੰਨੀ ਮਸਵਰੇ ਉਪਰੰਤ ਢੁੱਕਵੀਂ ਪ੍ਰਕਿਿਰਆ ਅਮਲ ਵਿਚ ਲਿਆਂਦੀ ਜਾਵੇਗੀ।
ਕੋਰਟ ਕੰਪਲੈਕਸ ਦੀ ਜਮੀਨ ਬਾਰੇ ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਇਤਿਹਾਸਕ ਕਿਲਾ ਰਹਿਮਤਗੜ੍ਹ ਨੂੰ ਹੈਰੀਟੇਜ ਵਜੋਂ ਸੰਭਾਲਣ ਲਈ ਸ਼ੁਰੂ ਕੀਤੀ ਕਾਰਵਾਈ ਤਹਿਤ ਇਸ ਦੁਆਲੇ ਸੌ ਮੀਟਰ ਦੇ ਘੇਰੇ ਅੰਦਰ ਕੋਈ ਵੀ ਉਸਾਰੀ ਨਹੀਂ ਹੋ ਸਕਦੀ। ਧਰਨਾਕਾਰੀ ਵਕੀਲਾਂ ਵਿਚ ਮੁੱਖ ਤੌਰ ’ਤੇ ਪ੍ਰਧਾਨ ਅਰਵਿੰਦ ਸਿੰਘ ਮਾਵੀ ਅਤੇ ਐਡਵੋਕੇਟ ਮੁਹੰੰਮਦ ਅਯਾਜ ਤੋਂ ਇਲਾਵਾ ਐਡਵੋਕੇਟ ਹਰਦੀਪ ਸਿੰਘ ਖਟੜਾ, ਐਡਵੋਕੇਟ ਗੁਰਪਰੀਤ ਸਿੰਘ ਸੇਖੋਂ, ਐਡਵੋਕੇਟ ਦਵਿੰਦਰ ਸਿੰਘ ਚੁਹਾਣਾ, ਐਡਵੋਕੇਟ ਕੁਲਵਿੰਦਰ ਸਿੰਘ ਸੋਨੀ ਅਤੇ ਐਡਵੋਕੇਟ ਰਵਿੰਦਰ ਸਿੰਘ ਢੀਂਡਸਾ ਸਮੇਤ ਵੱਡੀ ਗਿਣਤੀ ਵਕੀਲ ਸ਼ਾਮਲ ਸਨ।






