ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੰਜਾਬ ਪੁਲੀਸ ਦੇ ਅਧਿਕਾਰੀ ਗੁਰਿੰਦਰਜੀਤ ਸਿੰਘ ਦੀ ਹਵਾਲਗੀ ਲਈ ਸੰਯੁਕਤ ਰਾਜ ਅਮਰੀਕਾ ਤੋਂ ਕੋਈ ਬੇਨਤੀ ਪ੍ਰਾਪਤ ਨਹੀਂ ਹੋਈ ਹੈ।
ਲੋਕ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਅਮਰੀਕੀ ਨਿਆਂ ਵਿਭਾਗ ਵੱਲੋਂ 7 ਜੁਲਾਈ ਨੂੰ “ਅਪਰੇਸ਼ਨ ਹਾਰਡ ਬਾਲ” ਅਤੇ ਇਸ ਨਾਲ ਜੁੜੇ ਸੰਘੀ ਦੋਸ਼ ਪੱਤਰਾਂ ਬਾਰੇ ਕੀਤੀ ਗਈ ਪ੍ਰੈਸ ਕਾਨਫਰੰਸ ਤੋਂ ਬਾਅਦ ਮਾਮਲੇ ਬਾਰੇ ਪਤਾ ਲੱਗਿਆ।
ਮੰਤਰੀ ਨੇ ਆਪਣੇ ਲਿਖਤੀ ਜਵਾਬ ਵਿੱਚ ਕਿਹਾ, “ਸਰਕਾਰ ਦੇ ਧਿਆਨ ਵਿੱਚ ਆਇਆ ਹੈ ਕਿ ਇਹ ਦੋਸ਼ ਲਗਾਏ ਗਏ ਸਨ ਕਿ ਭਗਵਾਨਪੁਰੀਆ ਕੌਮਾਂਤਰੀ ਅਪਰਾਧ ਸਿੰਡੀਕੇਟ ਦੇ ਮੈਂਬਰਾਂ ਨੇ ਅਮਰੀਕਾ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਇੱਕ ਪਰਿਵਾਰ ਨਾਲ ਜੁੜੇ ਫਿਰੌਤੀ ਦੇ ਮਾਮਲੇ ਵਿੱਚ ਇੱਕ ਪੰਜਾਬ ਪੁਲੀਸ ਅਧਿਕਾਰੀ ਨਾਲ ਸਾਜ਼ਿਸ਼ ਰਚੀ ਸੀ।”
ਕੇਂਦਰ ਨੇ ਸੰਸਦ ਨੂੰ ਸੂਚਿਤ ਕੀਤਾ ਕਿ ਜਲੰਧਰ ਰੇਂਜ ਦੇ ਡੀ ਆਈ ਜੀ ਵੱਲੋਂ 7 ਜੁਲਾਈ ਨੂੰ ਜਾਰੀ ਕੀਤੇ ਗਏ ਬਿਆਨ ਅਨੁਸਾਰ, ਦੋਸ਼ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਉਕਤ ਅਧਿਕਾਰੀ ਨੂੰ ਥਾਣਾ ਟਾਂਡਾ ਦੇ ਐੱਸ ਐੱਚ ਓ (SHO) ਵਜੋਂ ਹਟਾ ਦਿੱਤਾ ਗਿਆ ਸੀ।
ਸਰਕਾਰ ਨੇ ਕਿਹਾ ਕਿ ਜਾਂਚ ਤੋਂ ਬਾਅਦ 17 ਜੁਲਾਈ ਨੂੰ ਇਸ ਅਧਿਕਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਸ ਵਿਰੁੱਧ ਵਿਭਾਗੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਵਿਦੇਸ਼ ਰਾਜ ਮੰਤਰੀ ਨੇ ਸਪਸ਼ਟ ਕੀਤਾ ਕਿ “ਅਮਰੀਕੀ ਅਧਿਕਾਰੀਆਂ ਵੱਲੋਂ ਅਜੇ ਤੱਕ ਉਕਤ ਅਧਿਕਾਰੀ ਦੀ ਹਵਾਲਗੀ ਲਈ ਕੋਈ ਬੇਨਤੀ ਪ੍ਰਾਪਤ ਨਹੀਂ ਹੋਈ ਹੈ।”
ਇਹ ਸਪਸ਼ਟੀਕਰਨ ਅਮਰੀਕੀ ਨਿਆਂ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਜਨਤਕ ਤੌਰ ‘ਤੇ ਇਹ ਦੋਸ਼ ਲਗਾਏ ਜਾਣ ਦੇ ਇੱਕ ਮਹੀਨੇ ਬਾਅਦ ਆਇਆ ਹੈ ਕਿ ਪੰਜਾਬ ਪੁਲੀਸ ਦੇ ਇਸ ਅਧਿਕਾਰੀ ਨੇ ਪੰਜਾਬ ਵਿੱਚ ਇੱਕ ਫਰਜ਼ੀ ਕਤਲ ਕੇਸ ਵਿੱਚ ਰਿਸ਼ਤੇਦਾਰਾਂ ਨੂੰ ਫਸਾਉਣ ਦੀ ਧਮਕੀ ਦੇ ਕੇ ਅਮਰੀਕਾ ਸਥਿਤ ਭਾਰਤੀ ਮੂਲ ਦੇ ਪਰਿਵਾਰ ਤੋਂ 400,000 ਅਮਰੀਕੀ ਡਾਲਰ ਦੀ ਫਿਰੌਤੀ ਵਸੂਲਣ ਲਈ ਜੱਗੂ ਭਗਵਾਨਪੁਰੀਆ ਸਿੰਡੀਕੇਟ ਦੇ ਮੈਂਬਰਾਂ ਨਾਲ ਸਾਜ਼ਿਸ਼ ਰਚੀ ਸੀ।
ਲੌਸ ਏਂਜਲਸ ਵਿੱਚ 7 ਜੁਲਾਈ ਨੂੰ ਹੋਈ ਪ੍ਰੈਸ ਕਾਨਫਰੰਸ ਦੌਰਾਨ, ਅਮਰੀਕੀ ਅਟਾਰਨੀ ਬਿਲ ਏਸੇਲੀ ਨੇ ਕਿਹਾ ਸੀ ਕਿ ਅਮਰੀਕਾ ਵਿੱਚ ਇਸ ਅਧਿਕਾਰੀ ਵਿਰੁੱਧ ਦੋਸ਼ ਤੈਅ ਕੀਤੇ ਗਏ ਹਨ ਅਤੇ ਦਾਅਵਾ ਕੀਤਾ ਸੀ ਕਿ ਅਮਰੀਕੀ ਅਧਿਕਾਰੀ ਉਸ ਦੀ ਹਵਾਲਗੀ ਦੀ ਮੰਗ ਕਰਨਗੇ।






