ਕੈਨੇਡਾ ਦੇ ਸੂਬੇ ਅਲਬਰਟਾ ਦੀ ਰਾਜਧਾਨੀ ਐਡਮੰਟਨ ਦੇ ਇੱਕ ਟਾਊਨ ਹੋਮ ਕੰਪਲੈਕਸ ਵਿੱਚ 16 ਸਾਲਾ ਭਾਰਤੀ ਮੂਲ ਦੀ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ। ਬੇਸ਼ੱਕ ਪੁਲੀਸ ਨੇ ਅਜੇ ਮ੍ਰਿਤਕਾ ਦੀ ਪਛਾਣ ਜਾਰੀ ਨਹੀਂ ਕੀਤੀ, ਪਰ ਜਨਤਕ ਹੋਈ ਜਾਣਕਾਰੀ ਮੁਤਾਬਿਕ ਉਸ ਦਾ ਨਾਂਅ ਜੈਜ਼ਮੀਨ ਧਾਮੀ ਉਰਫ ਢੇਸੀ ਹੈ, ਜੋ ਉੱਥੇ ਕਿਸੇ ਨੂੰ ਮਿਲਣ ਗਈ ਸੀ।
ਘਟਨਾ 129 ਐਵੇਨਿਊ ਅਤੇ 16 ਸਟਰੀਟ ਖੇਤਰ ਨੇੜਲੇ ਟਾਊਨ ਹੋਮ ਕੰਪਲੈਕਸ ਵਿੱਚ ਵਾਪਰੀ ਹੈ। ਪੁਲੀਸ ਨੇ ਦੱਸਿਆ ਕਿ ਜਿਵੇ ਹੀ ਗੋਲੀਬਾਰੀ ਦੀ ਸੂਚਨਾ ਮਿਲੀ ਤਾਂ ਮੌਕੇ ਤੇ ਪਹੁੰਚ ਕੇ ਵੇਖਿਆ ਗਿਆ ਕਿ ਨੌਜਵਾਨ ਲੜਕੀ ਖੂਨ ’ਚ ਲੱਥਪੱਥ ਸੀ ਤੇ ਹਸਪਤਾਲ ਪਹੁੰਚਾਏ ਜਾਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ।
ਰਿਪੋਰਟਾਂ ਮੁਤਾਬਕ, ਐਡਮੰਟਨ ਪੁਲੀਸ ਸਰਵਿਸ (EPS) ਨੇ ਇਸ ਮਾਮਲੇ ‘ਚ ਕਾਰਵਾਈ ਕਰਦਿਆਂ ਇੱਕ 16 ਸਾਲਾ ਨਾਬਾਲਗ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਜੈਸਮੀਨ ਆਪਣੀ ਇੱਕ ਸਹੇਲੀ ਦੇ ਘਰ ‘ਸਲੀਪਓਵਰ’ (ਰਾਤ ਠਹਿਰਨ) ਲਈ ਗਈ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਤੜਕਸਾਰ ਕਿਸੇ ਗੱਲ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਮੁਲਜ਼ਮ ਨੇ ਬੇਹੱਦ ਨੇੜਿਓਂ ਗੋਲੀ ਚਲਾ ਦਿੱਤੀ, ਜਿਸ ਨਾਲ ਜੈਸਮੀਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਐਡਮੰਟਨ ਪੁਲੀਸ ਨੇ ਅਜੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਗ੍ਰਿਫ਼ਤਾਰ ਕੀਤੇ ਨੌਜਵਾਨ ‘ਤੇ ਕੀ ਦੋਸ਼ ਆਇਦ ਕੀਤੇ ਗਏ ਹਨ।ਘਟਨਾ ਤੋਂ ਬਾਅਦ ਇਲਾਕੇ ‘ਚ ਭਾਰੀ ਸਹਿਮ ਦਾ ਮਾਹੌਲ ਹੈ।





