UGC NET Results: ਨੈਸ਼ਨਲ ਟੈਸਟਿੰਗ ਏਜੰਸੀ (ਐਨ ਟੀ ਏ) ਨੇ ਸ਼ਨਿਚਰਵਾਰ ਵੱਡੇ ਤੜਕੇ 84 ਵਿਸ਼ਿਆਂ ਲਈ ਯੂ.ਜੀ.ਸੀ. ਨੈਸ਼ਨਲ ਐਲੀਜੀਬਿਲਟੀ ਟੈਸਟ (UGC-NET) ਦੇ ਨਤੀਜੇ ਜਾਰੀ ਕਰ ਦਿੱਤੇ ਜਿਸ ਵਿੱਚ 4,000 ਤੋਂ ਵੱਧ ਉਮੀਦਵਾਰਾਂ ਨੇ ਜੂਨੀਅਰ ਰਿਸਰਚ ਫੈਲੋਸ਼ਿਪ (ਜੇ ਆਰ ਐਫ) ਲਈ ਯੋਗਤਾ ਹਾਸਲ ਕਰ ਲਈ ਹੈ।
ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 84 ਵਿਸ਼ਿਆਂ ਵਿੱਚ ਪ੍ਰੀਖਿਆ ਦੇਣ ਵਾਲੇ 6.07 ਲੱਖ ਉਮੀਦਵਾਰਾਂ ਵਿੱਚੋਂ 97,000 ਤੋਂ ਵੱਧ ਨੇ ਪੀਐਚਡੀ ਦਾਖ਼ਲਿਆਂ ਲਈ ਅਤੇ 4,000 ਤੋਂ ਵੱਧ ਨੇ ਜੇ ਆਰ ਐਫ ਲਈ ਯੋਗਤਾ ਪ੍ਰਾਪਤ ਕੀਤੀ ਹੈ।
ਜ਼ਿਕਰਯੋਗ ਹੈ ਕਿ ਐਨ ਟੀ ਏ ਨੇ ਇਸ ਸਾਲ ਜੂਨ ਵਿੱਚ ਅੰਗਰੇਜ਼ੀ, ਕਾਮਰਸ ਅਤੇ ਸ਼ਸ਼ੋਲੋਜੀ ਦੇ ਪੇਪਰ ਦੇਣ ਵਾਲੇ ਉਮੀਦਵਾਰਾਂ ਲਈ ਨਵੇਂ ਸਿਰੇ ਤੋਂ ਪ੍ਰੀਖਿਆਵਾਂ ਦਾ ਹੁਕਮ ਦਿੱਤਾ ਸੀ, ਕਿਉਂਕਿ ਇੱਕ ਮਾਹਰ ਕਮੇਟੀ ਨੂੰ ਪ੍ਰਸ਼ਨ ਪੱਤਰਾਂ ਵਿੱਚ ਤੱਥਾਂ ਸਬੰਧੀ, ਟਾਈਪਿੰਗ, ਅਨੁਵਾਦ ਅਤੇ ਭਾਸ਼ਾ ਨਾਲ ਜੁੜੀਆਂ ਗਲਤੀਆਂ ਮਿਲੀਆਂ ਸਨ।
ਐਨ ਟੀ ਏ ਨੇ ਪ੍ਰੀਖਿਆ ਤੋਂ ਲਗਪਗ ਦੋ ਮਹੀਨੇ ਬਾਅਦ 16 ਅਗਸਤ ਨੂੰ ਸਮਾਜ ਸ਼ਾਸਤਰ, ਵਣਜ ਅਤੇ ਅੰਗਰੇਜ਼ੀ ਦੇ ਪੇਪਰਾਂ ਬਾਰੇ ਇੱਕ ਵਿਸ਼ੇਸ਼ ਨੋਟਿਸ ਜਾਰੀ ਕਰਦਿਆਂ UGC-NET ਦੀ ਉੱਤਰ ਕੁੰਜੀ ਜਾਰੀ ਕੀਤੀ ਸੀ। ਬਾਅਦ ਵਿੱਚ ਉਸੇ ਦਿਨ, ਗਲਤੀਆਂ ਦਾ ਹਵਾਲਾ ਦਿੰਦੇ ਹੋਏ ਇਹ ਐਲਾਨ ਕੀਤਾ ਗਿਆ ਸੀ ਕਿ ਇਨ੍ਹਾਂ ਤਿੰਨਾਂ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਸਤੰਬਰ ਵਿੱਚ ਦੁਬਾਰਾ ਲਈਆਂ ਜਾਣਗੀਆਂ। ਇਹ ਮੁੜ-ਪ੍ਰੀਖਿਆਵਾਂ 9 ਅਤੇ 10 ਸਤੰਬਰ ਨੂੰ ਤੈਅ ਕੀਤੀਆਂ ਗਈਆਂ ਹਨ ਅਤੇ ਉਮੀਦਵਾਰਾਂ ਨੂੰ ਕੋਈ ਵੀ ਵਾਧੂ ਪ੍ਰੀਖਿਆ ਫ਼ੀਸ ਨਹੀਂ ਦੇਣੀ ਪਵੇਗੀ। ਦੱਸ ਦਈਏ ਕਿ ਭਾਰਤੀ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਸਹਾਇਕ ਪ੍ਰੋਫੈਸਰ (Assistant Professor) ਦੇ ਅਹੁਦੇ ਅਤੇ ਜੂਨੀਅਰ ਰਿਸਰਚ ਫੈਲੋਸ਼ਿਪ (JRF) ਲਈ ਯੋਗਤਾ ਤੈਅ ਕਰਨ ਵਾਸਤੇ NTA ਵੱਲੋਂ ਨੈੱਟ (NET) ਪ੍ਰੀਖਿਆ ਲਈ ਜਾਂਦੀ ਹੈ।






