ਮੱਧ ਨੇਪਾਲ ਵਿੱਚ ਹੋਰ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਅਚਾਨਕ ਆਏ ਹੜ੍ਹਾਂ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 669 ਹੋ ਗਈ ਹੈ, ਜਦੋਂ ਕਿ ਆਫ਼ਤ ਤੋਂ ਬਾਅਦ ਲਗਪਗ 2,000 ਲੋਕ ਅਜੇ ਵੀ ਲਾਪਤਾ ਹਨ। ਅਧਿਕਾਰੀਆਂ ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਖੋਜ ਅਤੇ ਬਚਾਅ ਮੁਹਿੰਮ ਜੰਗੀ ਪੱਧਰ ‘ਤੇ ਜਾਰੀ ਰਹਿਣ ਦੌਰਾਨ, ਪ੍ਰਭਾਵਿਤ ਸਾਰੇ ਅੱਠ ਜ਼ਿਲ੍ਹਿਆਂ ਵਿੱਚੋਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ।
ਨੇਪਾਲ-ਤਿੱਬਤ ਸਰਹੱਦ ਦੇ ਨੇੜੇ ਬੁੱਧਵਾਰ ਨੂੰ ਆਏ ਹੜ੍ਹਾਂ ਨੇ ਮੱਧ ਨੇਪਾਲ ਦੇ ਕਸਬਿਆਂ ਅਤੇ ਪਿੰਡਾਂ ਨੂੰ ਤਬਾਹ ਕਰ ਦਿੱਤਾ, ਜਿਸ ਨਾਲ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ।
ਨੇਪਾਲ ਪੁਲੀਸ ਦੇ ਇੱਕ ਬਿਆਨ ਅਨੁਸਾਰ, ਹੁਣ ਤੱਕ ਅੱਠ ਜ਼ਿਲ੍ਹਿਆਂ ਤੋਂ ਹੜ੍ਹ ਪੀੜਤਾਂ ਦੀਆਂ 669 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਬਿਆਨ ਦੇ ਅਨੁਸਾਰ, ਬਚਾਅ ਕਰਮਚਾਰੀਆਂ ਨੇ ਚਿਤਵਾਨ ਤੋਂ 248, ਨਵਲਪਰਾਸੀ ਪੂਰਬ ਤੋਂ 158, ਨਵਲਪਰਾਸੀ ਪੱਛਮੀ ਤੋਂ 75 ਅਤੇ ਗੋਰਖਾ ਤੋਂ 54 ਲਾਸ਼ਾਂ ਬਰਾਮਦ ਕੀਤੀਆਂ ਹਨ। ਇਸੇ ਤਰ੍ਹਾਂ, ਧਾਡਿੰਗ ਜ਼ਿਲ੍ਹੇ ਤੋਂ 49 ਲਾਸ਼ਾਂ, ਨੁਵਾਕੋਟ ਤੋਂ 41, ਤਾਨਾਹੁਨ ਤੋਂ 31 ਅਤੇ ਰਸੁਵਾ ਜ਼ਿਲ੍ਹੇ ਤੋਂ 13 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਸ਼ਨਿੱਚਰਵਾਰ ਤੱਕ 2,400 ਤੋਂ ਵੱਧ ਲੋਕ ਲਾਪਤਾ ਸਨ।
ਕੌਮੀ ਆਫ਼ਤ ਜੋਖਮ ਘਟਾਉਣ ਅਤੇ ਪ੍ਰਬੰਧਨ ਅਥਾਰਟੀ (NDRRMA) ਦੇ ਅਨੁਸਾਰ, ਨੇਪਾਲ ਵਿੱਚ ਬਚਾਅ ਟੀਮਾਂ ਨੇ ਸ਼ਨਿੱਚਰਵਾਰ ਨੂੰ, ਕਾਰਵਾਈ ਦੇ ਚੌਥੇ ਦਿਨ, ਲਗਪਗ 2,500 ਫਸੇ ਹੋਏ ਲੋਕਾਂ ਨੂੰ ਬਚਾਇਆ। ਬਚਾਅ ਕਾਰਜ ਲਈ 11,000 ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵਿੱਚ 5,000 ਤੋਂ ਵੱਧ ਨੇਪਾਲੀ ਫੌਜ ਦੇ ਜਵਾਨ ਸ਼ਾਮਲ ਹਨ।






