ਸਰਕਾਰ ਨੇ ਬੁੱਧਵਾਰ ਨੂੰ ਸੈਂਸਰ ਬੋਰਡ ਦਾ ਮੁੜ ਗਠਨ ਕਰਦਿਆਂ ਹੰਸ ਰਾਜ ਹੰਸ, ਪ੍ਰੀਤੀ ਜ਼ਿੰਟਾ, ਪੱਲਵੀ ਜੋਸ਼ੀ, ਪੰਕਜ ਤ੍ਰਿਪਾਠੀ ਅਤੇ ਰਿੱਕੀ ਕੇਜ ਸਮੇਤ 18 ਨਵੇਂ ਮੈਂਬਰਾਂ ਦੇ ਨਾਵਾਂ ਦਾ ਐਲਾਨ ਕੀਤਾ।
ਪੱਲਵੀ ਜੋਸ਼ੀ, ਜੋ ‘ਕਸ਼ਮੀਰ ਫਾਈਲਜ਼’ ਵਿੱਚ ਨਜ਼ਰ ਆਈ ਸੀ, ਕਾਮੇਡੀ ਸ਼ੋਅ ‘ਸਾਰਾਭਾਈ ਬਨਾਮ ਸਾਰਾਭਾਈ’ ਵਿੱਚ ਮੋਨਿਸ਼ਾ ਦੀ ਭੂਮਿਕਾ ਲਈ ਜਾਣੀ ਜਾਂਦੀ ਟੀਵੀ ਅਦਾਕਾਰਾ ਅਤੇ ਡਰਾਮਾ ਸੀਰੀਜ਼ ‘ਅਨੁਪਮਾ’ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੀ ਰੁਪਾਲੀ ਗਾਂਗੁਲੀ, ਅਦਾਕਾਰ ਪੰਕਜ ਤ੍ਰਿਪਾਠੀ ਅਤੇ ਸੁਨੀਲ ਸ਼ੈੱਟੀ ਨੂੰ ਵੀ ਨਵੇਂ ਸਿਰਿਓਂ ਬਣਾਏ ਗਏ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ ਵਿੱਚ ਸ਼ਾਮਲ ਕੀਤਾ ਗਿਆ ਹੈ।
ਹੋਰ ਸ਼ਾਮਲ ਕੀਤੇ ਗਏ ਵਿਅਕਤੀਆਂ ਵਿੱਚ ਵਿਨੋਦ ਅਨੁਪਮ ਜੋ ਕਿ ਇੱਕ ਭਾਰਤੀ ਫ਼ਿਲਮ ਅਤੇ ਕਲਾ ਆਲੋਚਕ, ਲੇਖਕ, ਸੰਪਾਦਕ, ਅਤੇ ਸੱਭਿਆਚਾਰਕ ਟਿੱਪਣੀਕਾਰ ਹਨ ਜਿਨ੍ਹਾਂ ਨੇ 2002 ਵਿੱਚ ਸਰਵੋਤਮ ਫ਼ਿਲਮ ਆਲੋਚਕ ਲਈ ਕੌਮੀ ਫ਼ਿਲਮ ਪੁਰਸਕਾਰ ਪ੍ਰਾਪਤ ਕੀਤਾ ਅਤੇ ਭਾਰਤੀ ਸਿਨੇਮਾ, ਸਾਹਿਤ ਅਤੇ ਕਲਾਵਾਂ ਵਿੱਚ ਆਪਣੇ ਮਹੱਤਵਪੂਰਨ ਯੋਗਦਾਨ ਲਈ ਜਾਣੇ ਜਾਂਦੇ ਹਨ; ਮਰਾਠੀ ਰੰਗਮੰਚ ਦੇ ਦਿੱਗਜ ਅਤੇ ਅਦਾਕਾਰ ਮਨੋਜ ਜੋਸ਼ੀ; ਅਭਿਸ਼ੇਕ ਜੈਨ, ਜੋ ਆਧੁਨਿਕ ਗੁਜਰਾਤੀ ਸਿਨੇਮਾ ਨੂੰ ਮੁੜ ਸੁਰਜੀਤ ਕਰਨ ਲਈ ਜਾਣੇ ਜਾਂਦੇ ਹਨ; ਅਤੇ ਰਿੱਕੀ ਕੇਜ, ਤਿੰਨ ਵਾਰ ਗ੍ਰੈਮੀ ਅਵਾਰਡ ਜੇਤੂ ਅਤੇ ਚਾਰ ਵਾਰ ਗ੍ਰੈਮੀ ਨਾਮੀਨੀ ਸ਼ਾਮਲ ਹਨ।
ਸੂਚੀ ਵਿੱਚ ਸੁਪ੍ਰਿਆ ਯਾਰਲਾਗੱਡਾ ਵੀ ਹੈ, ਜੋ ਇੱਕ ਭਾਰਤੀ ਫ਼ਿਲਮ ਨਿਰਮਾਤਾ, ਅਦਾਕਾਰਾ, ਅਤੇ ਅੰਨਪੂਰਨਾ ਸਟੂਡੀਓਜ਼ ਵਿੱਚ ਕਾਰਜਕਾਰੀ ਨਿਰਦੇਸ਼ਕ ਹੈ ਜੋ ਮੁੱਖ ਤੌਰ ‘ਤੇ ਤੇਲਗੂ ਸਿਨੇਮਾ ਵਿੱਚ ਕੰਮ ਕਰਦੀ ਹੈ; ਪ੍ਰੋਸੈਨਜੀਤ ਚੈਟਰਜੀ ਇੱਕ ਅਦਾਕਾਰ, ਨਿਰਦੇਸ਼ਕ, ਨਿਰਮਾਤਾ, ਪਟਕਥਾ ਲੇਖਕ, ਪਲੇਅਬੈਕ ਗਾਇਕ ਹਨ ਜੋ ਮੁੱਖ ਤੌਰ ‘ਤੇ ਬੰਗਾਲੀ ਸਿਨੇਮਾ ਵਿੱਚ ਕੰਮ ਕਰਦੇ ਹਨ।
ਸਰਕਾਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, “ਭਾਰਤ ਸਰਕਾਰ ਨੇ ਸਿਨੇਮੈਟੋਗ੍ਰਾਫ ਐਕਟ, 1952 ਦੀ ਧਾਰਾ 3 ਦੀ ਉਪ-ਧਾਰਾ (1) ਤਹਿਤ ਪ੍ਰਦਾਨ ਕੀਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ, ਸਿਨੇਮੈਟੋਗ੍ਰਾਫ (ਸਰਟੀਫਿਕੇਸ਼ਨ) ਨਿਯਮ, 2024 ਦੇ ਨਿਯਮ 3 ਨਾਲ ਪੜ੍ਹਦਿਆਂ, ਤੁਰੰਤ ਪ੍ਰਭਾਵ ਨਾਲ ਤਿੰਨ ਸਾਲਾਂ ਦੀ ਮਿਆਦ ਲਈ ਜਾਂ ਅਗਲੇ ਹੁਕਮਾਂ ਤੱਕ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ (CBFC) ਦਾ ਮੁੜ ਗਠਨ ਕੀਤਾ ਹੈ।”






