ਪਾਕਿਸਤਾਨ ਵਿੱਚ ਕਈ ਵਾਰ ਰੋਕੇ ਗਏ ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦਾ ਜੱਥਾ ਅੱਜ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਗੁਰਦੁਆਰਾ ਗੋਬਿੰਦ ਘਾਟ ਪੁੱਜ ਗਿਆ, ਜਿੱਥੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਮੁਖੀ ਨਰਿੰਦਰਜੀਤ ਸਿੰਘ ਬਿੰਦਰਾ ਵੱਲੋਂ ਜੱਥੇ ਦੇ ਮੁਖੀ ਭੁਪਿੰਦਰ ਸਿੰਘ ਤੇ ਹੋਰ ਮੈਂਬਰਾਂ ਦਾ ਸਨਮਾਨ ਕੀਤਾ ਗਿਆ।
ਹੇਮਕੁੰਟ ਸਾਹਿਬ ਯਾਤਰਾ ’ਤੇ ਪੁੱਜੇ ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦੀ ਗਿਣਤੀ ਲਗਭਗ 40 ਹੈ, ਜਿਨ੍ਹਾਂ ਵਿੱਚ 15 ਮਰਦ, 15 ਔਰਤਾਂ ਅਤੇ 10 ਬੱਚੇ ਸ਼ਾਮਿਲ ਹਨ। ਇਹ ਸਾਰੇ ਸ਼ਾਰਜਾਹ ਰਸਤੇ ਭਾਰਤ ਵਿੱਚ ਦਿੱਲੀ ਪੁੱਜੇ ਸਨ, ਜਿੱਥੋਂ ਅੱਜ ਗੁਰਦੁਆਰਾ ਗੋਬਿੰਦ ਘਾਟ ਪੁੱਜੇ ਹਨ।
ਦੱਸਣਯੋਗ ਹੈ ਕਿ ਲਗਭਗ 100 ਪਾਕਿਸਤਾਨੀ ਸ਼ਰਧਾਲੂਆਂ ਨੂੰ ਭਾਰਤ ਵਿੱਚ ਗੁਰੂ ਧਾਮਾਂ ਦੇ ਦਰਸ਼ਨਾਂ ਵਾਸਤੇ ਵੀਜ਼ੇ ਦਿੱਤੇ ਗਏ ਸਨ। ਪਰ ਇਨ੍ਹਾਂ ਨੂੰ ਪਾਕਿਸਤਾਨ ਸਰਕਾਰ ਵੱਲੋਂ ਅਟਾਰੀ-ਵਾਘਾ ਸਰਹੱਦ ਰਸਤੇ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਇਨ੍ਹਾਂ ਵੱਲੋਂ ਹਵਾਈ ਮਾਰਗ ਰਾਹੀਂ ਭਾਰਤ ਆਉਣ ਦਾ ਪ੍ਰੋਗਰਾਮ ਬਣਾਇਆ ਗਿਆ ਸੀ, ਪਰ ਕੁਝ ਸ਼ਰਧਾਲੂਆਂ ਕੋਲ ਵਾਪਸੀ ਦੀਆਂ ਟਿਕਟਾਂ/ਕਾਗਜ਼ਾਤ ਦੀ ਘਾਟ ਹੋਣ ਕਾਰਨ ਇਨ੍ਹਾਂ ਨੂੰ ਮੁੜ ਪਾਕਿਸਤਾਨ ਦੇ ਹਵਾਈ ਅੱਡੇ ’ਤੇ ਰੋਕ ਲਿਆ ਗਿਆ ਸੀ। ਉਸ ਵੇਲੇ ਇਨ੍ਹਾਂ ਨੂੰ ਇੱਕ ਮਹੀਨੇ ਦਾ ਵੀਜ਼ਾ ਮਿਲਿਆ ਸੀ।
ਲਗਭਗ 100 ਸ਼ਰਧਾਲੂਆਂ ਵਿੱਚੋਂ ਸਿਰਫ਼ 40 ਸ਼ਰਧਾਲੂ ਬੀਤੇ ਕੱਲ੍ਹ ਭਾਰਤ ਪੁੱਜੇ ਸਨ। ਉਨ੍ਹਾਂ ਵੱਲੋਂ ਪਹਿਲਾਂ ਹੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਨ ਦਾ ਪ੍ਰੋਗਰਾਮ ਸੀ।
ਪ੍ਰਬੰਧਕੀ ਟਰੱਸਟ ਦੇ ਸੀਈਓ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਗੋਬਿੰਦ ਘਾਟ ਵਿਖੇ ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦਾ ਟਰੱਸਟ ਦੇ ਮੁਖੀ ਨਰਿੰਦਰਜੀਤ ਸਿੰਘ ਬਿੰਦਰਾ ਵੱਲੋਂ ਸਵਾਗਤ ਕੀਤਾ ਗਿਆ ਹੈ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਉਹ ਗੁਰਦੁਆਰਾ ਗੋਬਿੰਦ ਧਾਮ ਵਾਸਤੇ ਰਵਾਨਾ ਹੋ ਗਏ ਹਨ। ਇੱਥੋਂ ਉਨ੍ਹਾਂ ਨੂੰ ਪੁਲੀਸ ਸੁਰੱਖਿਆ ਵੀ ਮੁਹੱਈਆ ਕੀਤੀ ਗਈ ਹੈ, ਜਿਸ ਦੀ ਨਿਗਰਾਨੀ ਹੇਠ ਉਹ ਗੁਰਦੁਆਰਾ ਗੋਬਿੰਦ ਧਾਮ ਪੁੱਜਣਗੇ ਅਤੇ ਭਲਕੇ ਯਾਤਰਾ ਦੇ ਆਖ਼ਰੀ ਦਿਨ 10 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨਗੇ।






