ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (SIR) ਮੁਕੰਮਲ ਹੋਣ ਮਗਰੋਂ ਸੂਬੇ ਅੰਦਰ ਰਜਿਸਟਰਡ ਵੋਟਰਾਂ ਦੀ ਕੁੱਲ ਗਿਣਤੀ ਹੁਣ 2.01 ਕਰੋੜ ਦਰਜ ਕੀਤੀ ਗਈ ਹੈ। ਅੱਜ ਜਾਰੀ ਕੀਤੀ ਗਈ ਅੰਤਿਮ ਵੋਟਰ ਸੂਚੀ ਮੁਤਾਬਕ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੇ ਕੁੱਲ 2,01,00,727 ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇਨ੍ਹਾਂ ਵਿੱਚ 1,03,76,026 ਪੁਰਸ਼ ਵੋਟਰ, 97,24,195 ਮਹਿਲਾ ਵੋਟਰ ਅਤੇ 506 ਥਰਡ ਜੈਂਡਰ (ਤੀਜੇ ਲਿੰਗ) ਦੇ ਵੋਟਰ ਸ਼ਾਮਲ ਹਨ।
ਇਸ ਸਾਲ ਦੇ ਸ਼ੁਰੂ ਵਿੱਚ ਜਾਰੀ ਖਰੜਾ ਸੂਚੀ ਵਿੱਚੋਂ 20 ਲੱਖ ਤੋਂ ਵੱਧ ਵੋਟਾਂ ਕੱਟੇ ਜਾਣ ਤੋਂ ਬਾਅਦ, ਹੁਣ ਪੰਜਾਬ ਦੀ ਵੋਟਰ ਸੂਚੀ ਵਿੱਚ 7.97 ਲੱਖ ਨਵੇਂ ਵੋਟਰ ਸ਼ਾਮਲ ਕੀਤੇ ਗਏ ਹਨ। ਇਸ ਦਾ ਮਤਲਬ ਹੈ ਕਿ ਵਿਸ਼ੇਸ਼ ਸੁਧਾਈ ਮੁਹਿੰਮ (SIR) ਤੋਂ ਪਹਿਲਾਂ ਦੇ 2,14,61,043 ਵੋਟਰਾਂ ਦੇ ਮੁਕਾਬਲੇ ਹੁਣ ਕੁੱਲ ਵੋਟਰਾਂ ਦੀ ਗਿਣਤੀ 2,01,00,727 ਰਹਿ ਗਈ ਹੈ। ਸ਼ੁਰੂਆਤ ਵਿੱਚ ਜਦੋਂ ਅਗਸਤ ਮਹੀਨੇ ਖਰੜਾ ਵੋਟਰ ਸੂਚੀ ਜਾਰੀ ਹੋਈ ਸੀ, ਤਾਂ 20,66,608 ਵੋਟਰਾਂ ਦੇ ਨਾਂ ਕੱਟ ਦਿੱਤੇ ਗਏ ਸਨ ਅਤੇ ਉਸ ਵੇਲੇ ਪੰਜਾਬ ਵਿੱਚ ਕੁੱਲ ਵੋਟਰ 1,93,94,435 ਦਰਜ ਕੀਤੇ ਗਏ ਸਨ।
‘ਟ੍ਰਿਬਿਊਨ ਸਮੂਹ’ ਨਾਲ ਗੱਲਬਾਤ ਕਰਦਿਆਂ ਪੰਜਾਬ ਦੀ ਮੁੱਖ ਚੋਣ ਅਧਿਕਾਰੀ (ਸੀ ਈ ਓ) ਅਨਿੰਦਿਤਾ ਮਿੱਤਰਾ ਨੇ ਦੱਸਿਆ ਕਿ ਵੋਟਰ ਸੂਚੀ ਵਿੱਚ ਆਈ 6.3 ਫ਼ੀਸਦੀ ਕਟੌਤੀ ਦੇ ਮੁੱਖ ਕਾਰਨ ਕੁਝ ਵੋਟਰਾਂ ਦੀ ਮੌਤ ਹੋਣਾ, ਸੂਬੇ ਤੋਂ ਪੱਕੇ ਤੌਰ ‘ਤੇ ਬਾਹਰ ਚਲੇ ਜਾਣਾ, 2003 ਦੇ ਪਿਛਲੇ ਸਰਵੇਖਣ ਦੌਰਾਨ ਦਿੱਤੇ ਪਤੇ ‘ਤੇ ਗ਼ੈਰ-ਹਾਜ਼ਰ ਮਿਲਣਾ ਜਾਂ ਇੱਕ ਤੋਂ ਵੱਧ ਥਾਵਾਂ ‘ਤੇ ਦਰਜ (ਡੁਪਲੀਕੇਟ) ਵੋਟਾਂ ਦਾ ਹੋਣਾ ਸੀ।
ਉਨ੍ਹਾਂ ਕਿਹਾ, “ਅਸੀਂ ਵੋਟਰ ਸੂਚੀਆਂ ਦੀ ਸੁਚੱਜੀ ਸੁਧਾਈ ਨੂੰ ਯਕੀਨੀ ਬਣਾਉਣ ਲਈ ਇੱਕ ਵਿਆਪਕ ਮੁਹਿੰਮ ਚਲਾਈ ਸੀ। ਇਸ ਦੌਰਾਨ 7,97,263 ਨਵੇਂ ਵੋਟਰ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਵਿੱਚ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਅਤੇ ਮਹਿਲਾ ਵੋਟਰ ਸ਼ਾਮਲ ਹਨ।”
ਅੰਤਿਮ ਵੋਟਰ ਸੂਚੀ ਭਾਰਤੀ ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਅਪਡੇਟ ਕਰ ਦਿੱਤੀ ਗਈ ਹੈ ਅਤੇ ਮੁੱਖ ਚੋਣ ਅਧਿਕਾਰੀ ਵੱਲੋਂ ਸੂਬੇ ਦੀਆਂ ਸਾਰੀਆਂ ਸੱਤ ਰਜਿਸਟਰਡ ਤੇ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੀ ਸਾਂਝੀ ਕੀਤੀ ਗਈ ਹੈ।
ਮੁੱਖ ਚੋਣ ਅਧਿਕਾਰੀ ਨੇ ਦੱਸਿਆ, “ਅਸੀਂ 34 ਲੱਖ ਵੋਟਰਾਂ ਨੂੰ ਨੋਟਿਸ ਜਾਰੀ ਕੀਤੇ, ਉਨ੍ਹਾਂ ਦਾ ਪੱਖ ਸੁਣਿਆ ਅਤੇ ਗ਼ਲਤੀਆਂ ਨੂੰ ਠੀਕ ਕੀਤਾ। ਇਸ ਕੰਮ ਵਿੱਚ ਪੂਰੀ ਪਾਰਦਰਸ਼ਤਾ ਵਰਤੀ ਗਈ ਹੈ। ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਨਿਯੁਕਤ ਬਲਾਕ ਪੱਧਰੀ ਸਹਾਇਕਾਂ (ਬੀਐੱਲਏ) ਦੀ ਮਦਦ ਲਈ ਗਈ ਸੀ ਅਤੇ ਉਨ੍ਹਾਂ ਨੇ ਯੋਗ ਵੋਟਰਾਂ ਦੀ ਪੜਤਾਲ ਵਿੱਚ ਸਾਡਾ ਸਹਿਯੋਗ ਕੀਤਾ। ਜਿਨ੍ਹਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਦੇ ਮੌਤ ਸਰਟੀਫਿਕੇਟ ਲਏ ਗਏ ਹਨ ਅਤੇ ਦੋਹਰੀਆਂ ਵੋਟਾਂ ਵਾਲਿਆਂ ਦੀ ਵੱਖਰੀ ਸੂਚੀ ਬਣਾਈ ਗਈ ਹੈ ਤਾਂ ਜੋ ਪੂਰੀ ਪਾਰਦਰਸ਼ਤਾ ਬਣੀ ਰਹੇ।”






