ਰਾਸ਼ਨ ਡਿੱਪੂ ਹੋਲਡਰ ਫੈਡਰੇਸ਼ਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਅਤੇ ਅਗਲੇ ਸੰਘਰਸ਼ ਦੀ ਰਣਨੀਤੀ ਉਲੀਕਣ ਲਈ ਪਿੰਡ ਕਾਂਝਲਾ ਸਥਿਤ ਤਪ ਅਸਥਾਨ ਬਾਬਾ ਜਗਤ ਸਿੰਘ ਜੀ ਜੱਗਾਂ ਵਾਲੇ ਵਿਖੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਦੀ ਅਗਵਾਈ ਹੇਠ ਅਹਿਮ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਡਿੱਪੂ ਹੋਲਡਰਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ’ਤੇ ਵਿਚਾਰ-ਵਟਾਂਦਰਾ ਕਰਨ ਮਗਰੋਂ 1 ਨਵੰਬਰ ਤੋਂ ਸੂਬਾ ਪੱਧਰੀ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਡਿੱਪੂ ਹੋਲਡਰਾਂ ਦੀਆਂ ਮੰਗਾਂ ਪ੍ਰਤੀ ਅਪਣਾਏ ਜਾ ਰਹੇ ਨਾਂਹ-ਪੱਖੀ ਰਵੱਈਏ ਕਾਰਨ ਜਥੇਬੰਦੀ ਵਿੱਚ ਰੋਸ ਹੈ। ਉਨ੍ਹਾਂ ਕਿਹਾ ਕਿ ਡਿੱਪੂ ਹੋਲਡਰ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਦੇ ਹੱਲ ਦੀ ਉਡੀਕ ਕਰ ਰਹੇ ਹਨ, ਪਰ ਸਰਕਾਰ ਵੱਲੋਂ ਇਨ੍ਹਾਂ ਨੂੰ ਲਗਾਤਾਰ ਲਟਕਾਇਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਦੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਵੀ ਡਿੱਪੂ ਹੋਲਡਰਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੋਇਆ।
ਉਨ੍ਹਾਂ ਐਲਾਨ ਕੀਤਾ ਕਿ ਪਹਿਲੀ ਨਵੰਬਰ ਤੋਂ ਪੰਜਾਬ ਭਰ ਦੇ ਡਿੱਪੂ ਹੋਲਡਰ ਹੜਤਾਲ ’ਤੇ ਜਾਣਗੇ। ਇਸ ਤੋਂ ਇਲਾਵਾ ਜਲਦ ਹੀ ਧੂਰੀ ਸਥਿਤ ਮੁੱਖ ਮੰਤਰੀ ਦੇ ਦਫ਼ਤਰ ਅੱਗੇ ਪੱਕਾ ਮੋਰਚਾ ਲਾਇਆ ਜਾਵੇਗਾ। ਡਿੱਪੂ ਹੋਲਡਰਾਂ ਨੇ ਕਮਿਸ਼ਨ ਵਿੱਚ ਵਾਧਾ ਕਰਨ ਅਤੇ ਮਾਰਕਫੈੱਡ ਦੀ ਤਰਜ਼ ’ਤੇ 68 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣਭੱਤਾ ਦੇਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਖਪਤਕਾਰ ਦਾ ਫਿੰਗਰ ਪ੍ਰਿੰਟ ਪੰਜ ਵਾਰ ਦੀ ਬਜਾਏ ਇੱਕ ਵਾਰ ਲੈਣ, ਦੁਕਾਨ ਦੇ ਕਿਰਾਏ, ਬਿਜਲੀ ਬਿੱਲ ਅਤੇ ਇੰਟਰਨੈੱਟ ਦੇ ਖ਼ਰਚੇ ਦੇਣ, ਲੇਬਰ ਅਤੇ ਅਨਾਜ ਦੀ ਲਦਾਈ-ਲਹਾਈ ਦਾ ਖ਼ਰਚਾ ਮੁਹੱਈਆ ਕਰਵਾਉਣ ਦੀ ਮੰਗ ਵੀ ਕੀਤੀ ਗਈ।
ਜਥੇਬੰਦੀ ਨੇ ਸਾਲ 2020-21 ਦੌਰਾਨ ਰੱਦ ਕੀਤੇ ਡਿੱਪੂ ਬਹਾਲ ਕਰਨ, ਕਿੱਟਾਂ ਡਿੱਪੂਆਂ ਤੱਕ ਲਦਾਈ-ਲਹਾਈ ਸਮੇਤ ਪਹੁੰਚਾਉਣ, ਖ਼ਰਾਬ ਮਸ਼ੀਨਾਂ ਅਤੇ ਕੰਡੇ ਤੁਰੰਤ ਬਦਲਣ ਅਤੇ ਹੌਲੀ ਰਫ਼ਤਾਰ ਨਾਲ ਚੱਲ ਰਹੇ ਸਰਵਰ ਨੂੰ ਅਪਡੇਟ ਕਰਨ ਦੀ ਮੰਗ ਵੀ ਚੁੱਕੀ।






