ਮਾਨਸਾ ਵਿਖੇ ਚੱਲ ਰਹੇ ਅੱਜ ਦੇ ਧਰਨੇ ਦੌਰਾਨ ਮਾਹੌਲ ਉਸ ਸਮੇਂ ਭਖ ਗਿਆ ਜਦੋਂ ਪੁਲੀਸ ਨੇ ਕਾਰਵਾਈ ਕਰਦਿਆਂ ਲੱਖਾ ਸਿਧਾਣਾ, ਭਾਨਾ ਸਿੱਧੂ ਅਤੇ ਮੋਹਨਜੀਤ ਸ਼ੇਰੋਂ ਸਮੇਤ ਅਨੇਕਾਂ ਨੌਜਵਾਨਾਂ ਨੂੰ ਧਰਨੇ ਵਾਲੀ ਥਾਂ ਤੋਂ ਹਿਰਾਸਤ ਵਿੱਚ ਲੈ ਲਿਆ। ਜਾਣਕਾਰੀ ਅਨੁਸਾਰ ਪਿੰਡ ਭੰਮੇ ਕਲਾਂ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਹੋਈ ਨੌਜਵਾਨ ਦੀ ਮੌਤ ਤੋਂ ਬਾਅਦ ਪ੍ਰਦਰਸ਼ਨਕਾਰੀ ਲਾਸ਼ ਨੂੰ ਮਾਨਸਾ ਧਰਨੇ ਵਾਲੀ ਥਾਂ ਲਿਆਉਣ ਲਈ ਬਜ਼ਿੱਦ ਸਨ, ਜਿਸ ਨੂੰ ਰੋਕਣ ਲਈ ਪੁਲੀਸ ਨੇ ਇਲਾਕੇ ਵਿੱਚ ਭਾਰੀ ਬਲ ਤਾਇਨਾਤ ਕਰਕੇ ਸਖ਼ਤ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਧਰਨਾਕਾਰੀਆਂ ਅਤੇ ਪੁਲੀਸ ਵਿਚਕਾਰ ਤਿੱਖੀ ਬਹਿਸ ਤੇ ਖਿੱਚੋ-ਤਾਣ ਹੋਈ, ਜਿਸ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਨੇ ਸਥਿਤੀ ‘ਤੇ ਕਾਬੂ ਪਾਉਣ ਲਈ ਪ੍ਰਦਰਸ਼ਨਕਾਰੀ ਆਗੂਆਂ ਅਤੇ ਯੂਥ ਵਰਕਰਾਂ ਨੂੰ ਮੌਕੇ ‘ਤੇ ਚੁੱਕ ਕੇ ਹਿਰਾਸਤ ਵਿੱਚ ਭੇਜ ਦਿੱਤਾ।
ਇਸ ਸਬੰਧੀ ਮਾਨਸਾ ਦੇ ਐੱਸਐੱਸਪੀ ਵੈਭਵ ਚੌਧਰੀ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਹੌਲ ਖ਼ਰਾਬ ਕਰਨ ਜਾਂ ਕਾਨੂੰਨ ਵਿਵਸਥਾ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਵਿਖੇ ਮੰਗਲਵਾਰ ਦੀ ਦੁਪਹਿਰ ਨੌਜਵਾਨ ਦਲਜੀਤ ਸਿੰਘ (32) ਪੁੱਤਰ ਜਰਨੈਲ ਸਿੰਘ ਦੀ ਕਥਿਤ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਕੁੱਝ ਵਿਅਕਤੀ ਉਸ ਨੂੰ ਨਸ਼ੇ ਦੀ ਹਾਲਤ ਵਿੱਚ ਪਿੰਡ ਦੀ ਸੜਕ ’ਤੇ ਸੁੱਟਕੇ ਚਲੇ ਗਏ ਸਨ, ਜਿਸ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਦਲਜੀਤ ਸਿੰਘ ਦੀ ਲਾਸ਼ ਨੂੰ ਲੈਕੇ ਮਾਨਸਾ-ਸਿਰਸਾ ਮੁੱਖ ਮਾਰਗ ’ਤੇ ਧਰਨਾ ਲਗਾ ਦਿੱਤਾ।
ਇਸ ਦੌਰਾਨ ਮਾਨਸਾ ਵਿਖੇ ਪਰਵਿੰਦਰ ਝੋਟਾ ਦੇ ਇਨਸਾਫ਼ ਦੀ ਮੰਗ ਨੂੰ ਲੈਕੇ ਚੱਲ ਰਹੇ ਧਰਨੇ ਵਿਚੋਂ ਝੋਟਾ ਦੇ ਪਿਤਾ ਭੀਮ ਸਿੰਘ ਫੌਜੀ, ਲੱਖਾ ਸਿਧਾਣਾ, ਮੋਹਣਜੀਤ ਸ਼ੇਰੋਂ ਅਤੇ ਹੋਰ ਜਥੇਬੰਦੀਆਂ ਦੇ ਆਗੂ ਧਰਨੇ ਵਿੱਚ ਪੁੱਜੇ। ਉਨ੍ਹਾਂ ਨੇ ਮਾਨਸਾ ਧਰਨੇ ਵਿੱਚ ਲਿਆਉਣ ਲਈ ਲਾਸ਼ ਚੁੱਕੀ ਲਈ, ਜਿਸ ਦੌਰਾਨ ਪੁਲੀਸ ਨਾਲ ਲੋਕਾਂ ਅਤੇ ਉਨ੍ਹਾਂ ਧੱਕਾ-ਮੁੱਕੀ ਹੋਈ। ਮਾਨਸਾ ਧਰਨੇ ਵਿੱਚ ਦਲਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਲਿਆਉਣ ਤੋਂ ਰੋਕਣ ਲਈ ਪੁਲੀਸ ਪ੍ਰਸ਼ਾਸਨ ਨੇ ਸਾਰਾ ਸਿਰਸਾ ਰੋਡ ਅਤੇ ਰਮਦਿੱਤੇਵਾਲਾ ਚੌਂਕ ਟਰੱਕ ਖੜ੍ਹੇ ਕਰਕੇ ਜਾਮ ਲਾ ਦਿੱਤਾ ਅਤੇ ਵੱਡੀ ਗਿਣਤੀ ਵਿੱਚ ਫੋਰਸ ਤਾਇਨਾਤ ਕਰ ਦਿੱਤੀ ਗਈ।
ਇਸ ਦੌਰਾਨ ਪੁਲੀਸ ਤੇ ਪ੍ਰਦਰਸ਼ਨਕਾਰੀ ਆਹਮੋ-ਸਾਹਮਣੇ ਹੋ ਗਏ। ਇਸ ਦਰਮਿਆਨ ਪ੍ਰਦਰਸ਼ਨਕਾਰੀਆਂ ਨੇ ਜੰਮ ਕੇ ਹੰਗਾਮਾ ਕੀਤਾ, ਜਿਸ ਮਗਰੋਂ ਘਟਨਾ ਸਥਾਨ ’ਤੇ ਕਾਫੀ ਤਣਾਅ ਪੈਦਾ ਹੋ ਗਿਆ।
ਦਲਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਮਾਨਸਾ ਧਰਨੇ ਵਾਲੀ ਥਾਂ ’ਤੇ ਲਿਆਂਦਾ ਜਾ ਰਿਹਾ ਸੀ ਅਤੇ ਰਮਦਿੱਤੇਵਾਲਾ ਚੌਂਕ ਵਿਖੇ ਪੁਲੀਸ ਨੇ ਉਨ੍ਹਾਂ ਨੂੰ ਰੋਕ ਕੇ ਨਿਹੰਗ ਸਿੰਘਾਂ ਉਪਰ ਲਾਠੀਚਾਰਜ ਕੀਤਾ ਗਿਆ ਅਤੇ ਉਨ੍ਹਾਂ ਹਿਰਾਸਤ ਵਿੱਚ ਲੈ ਲਿਆ ਗਿਆ। ਪਤਾ ਲੱਗਾ ਹੈ ਕਿ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਜ਼ਬਰਨ ਧਰਨੇ ਤੋਂ ਖਦੇੜਿਆ ਅਤੇ ਮ੍ਰਿਤਕ ਦੀ ਲਾਸ਼ ਕਬਜ਼ੇ ਵਿਚ ਲੈ ਲਈ।
ਜਥੇਬੰਦਕ ਆਗੂਆਂ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ ਨਸ਼ਾ ਖੁੱਲ੍ਹੇਆਮ ਵਿਕਦਾ ਹੈ ਅਤੇ ਦਲਜੀਤ ਸਿੰਘ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ।
ਵੇਰਵਿਆਂ ਅਨੁਸਾਰ ਪਿੰਡ ਭੰਮੇ ਕਲਾਂ ਦਾ ਨੌਜਵਾਨ ਦਲਜੀਤ ਸਿੰਘ ਕਾਫ਼ੀ ਸਮੇਂ ਤੋਂ ਨਸ਼ੇ ਦਾ ਆਦੀ ਸੀ। ਮੰਗਲਵਾਰ ਦੀ ਸਵੇਰ ਉਸਨੇ ਆਪਣੀ ਧੀ ਨੂੰ ਸਕੂਲ ਜਾਣ ਲਈ ਪਿੰਡ ਦੇ ਬੱਸ ਅੱਡੇ ਤੋਂ ਸਕੂਲ ਵੈਨ ’ਤੇ ਚੜ੍ਹਾਇਆ ਅਤੇ ਉਥੋਂ ਹੀ ਕੁੱਝ ਵਿਅਕਤੀਆਂ ਨਾਲ ਕਿਤੇ ਚਲਾ ਗਿਆ। ਕਥਿਤ ਤੌਰ ’ਤੇ ਦੱਸਿਆ ਕਿ ਜਾ ਰਿਹਾ ਹੈ ਕਿ ਉਸ ਨੇ ਅਤੇ ਹੋਰ ਵਿਅਕਤੀਆਂ ਨੇ ਮਿਲਕੇ ਨਸ਼ਾ ਕੀਤਾ ਅਤੇ ਉਸਦੀ ਹਾਲਤ ਵਿਗੜਦੇ ਹੀ ਉਹ ਵਿਅਕਤੀ ਉਸਨੂੰ ਪਿੰਡ ਭੰਮੇ ਕਲਾਂ ਦੇ ਬੱਸ ਅੱਡੇ ਸੜਕ ’ਤੇ ਸੁੱਟਕੇ ਚਲੇ ਗਏ, ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ।
ਇਸ ਤੋਂ ਬਾਅਦ ਮਾਪਿਆਂ ਅਤੇ ਪਿੰਡ ਵਾਸੀਆਂ ਵਿੱਚ ਰੋਹ ਫੈਲ ਗਿਆ ਅਤੇ ਉਨ੍ਹਾਂ ਨੇ ਲਾਸ਼ ਮੁੱਖ ਮਾਰਗ ’ਤੇ ਰੱਖਕੇ ਜਾਮ ਲਗਾ ਦਿੱਤਾ। ਦਲਜੀਤ ਸਿੰਘ ਵਿਆਹਿਆ ਹੋਇਆ ਸੀ ਅਤੇ ਉਹ ਦੋ ਬੱਚਿਆਂ ਦਾ ਬਾਪ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲੀਸ ਨੇ ਇੱਕ ਬੱਬੂ ਨਾਮ ਦੇ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ।
ਥਾਣਾ ਝੁਨੀਰ ਦੇ ਮੁਖੀ ਗਨੇਸ਼ਵਰ ਕੁਮਾਰ ਨੇ ਦੱਸਿਆ ਕਿ ਪੁਲੀਸ ਇਸਦੀ ਛਾਣਬੀਣ ਅਤੇ ਦਲਜੀਤ ਸਿੰਘ ਦੇ ਨਾਲ ਦੇ ਵਿਅਕਤੀਆਂ ਨੂੰ ਫੜ੍ਹਨ ਲਈ ਛਾਪੇਮਾਰੀ ਕਰ ਰਹੀ ਹੈ, ਜਿੰਨਾਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਧਰ ਦਲਜੀਤ ਸਿੰਘ ਦੀ ਮੌਤ ਨੂੰ ਲੈਕੇ ਮਾਨਸਾ ਦੇ ਧਰਨਾਕਾਰੀ, ਆਮ ਲੋਕ ਅਤੇ ਪੁਲੀਸ ਆਹਮੋ-ਸਾਹਮਣੇ ਰਹੇ। ਧਰਨਾਕਾਰੀ ਮਾਨਸਾ ਧਰਨੇ ਵਿੱਚ ਦਲਜੀਤ ਸਿੰਘ ਦੀ ਲਾਸ਼ ਲਿਆਉਣ ਲਈ ਜਦੋਂ ਹੀ ਚੱਲੇ ਤਾਂ ਪੁਲੀਸ ਨੇ ਭਾਰੀ ਬਲ ਤਾਇਨਾਤ ਕਰਕੇ ਸਾਰੇ ਰਸਤੇ ਰੋਕ ਦਿੱਤੇ। ਪਰਵਿੰਦਰ ਝੋਟੇ ਦੇ ਪਿਤਾ ਭੀਮ ਸਿੰਘ ਅਤੇ ਲੱਖਾ ਸਿਧਾਣਾ, ਮੋਹਣਜੀਤ ਸ਼ੇਰੋਂ ਨੇ ਕਿਹਾ ਕਿ ਝੋਟੇ ਦਾ ਕਤਲ ਹੋਣ ਤੋਂ ਬਾਅਦ ਵੀ ਨਸ਼ੇ ਦਾ ਪ੍ਰਚੱਲਣ ਰੁਕਿਆ ਨਹੀਂ।
ਉਨ੍ਹਾਂ ਕਿਹਾ ਕਿ ਦਲਜੀਤ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਦੱਸਦੀ ਹੈ ਕਿ ਨਸ਼ੇ ਸਬੰਧੀ ਜ਼ਮੀਨੀ ਹਕੀਕਤ ਕੁੱਝ ਹੋਰ ਹੈ ਅਤੇ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਗੱਲ ਕੁੱਝ ਹੋਰ ਹੈ। ਉਨ੍ਹਾਂ ਕਿਹਾ ਕਿ ਦਲਜੀਤ ਦੀ ਲਾਸ਼ ਮਾਨਸਾ ਧਰਨੇ ਵਿੱਚ ਲਿਆਉਣ ਤੋਂ ਰੋਕਣ ਲਈ ਸਰਕਾਰ,ਪ੍ਰਸ਼ਾਸਨ ਅਤੇ ਪੁੁਲੀਸ ਨੇ ਸਾਰਾ ਜ਼ੋਰ ਲਾ ਰੱਖਿਆ ਹੈ, ਤਾਂ ਕਿ ਧਰਨਾਕਾਰੀਆਂ ਦਾ ਲੋਕ ਰੋਹ ਹੋਰ ਨਾ ਵੱਧ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਇਸ ਤਰ੍ਹਾਂ ਨਸ਼ੇ ਨਾਲ ਹੋਈਆਂ ਮੌਤਾਂ ਦੇ ਮਾਮਲੇ ਨੂੰ ਧੱਕੇਸ਼ਾਹੀ ਨਾਲ ਪਰਦਾ ਨਹੀਂ ਪਾ ਸਕਦੀ। ਦੇਰ ਸ਼ਾਮ ਤੱਕ ਲੋਕਾਂ ਅਤੇ ਪੁਲੀਸ ਵਿਚਕਾਰ ਲਾਸ਼ ਨੂੰ ਲੈਕੇ ਖਿੱਚੋ-ਤਾਣ ਰਹੀ ।
ਦੂਜੇ ਪਾਸੇ ਨੌਜਵਾਨ ਦਲਜੀਤ ਸਿੰਘ ਨੂੰ ਗੱਡੀ ਵਿੱਚੋਂ ਬਾਹਰ ਸੁੱਟਣ ਦੇ ਮਾਮਲੇ ਵਿੱਚ ਪੁਲੀਸ ਨੇ ਕਾਰਵਾਈ ਕਰਦਿਆਂ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।






