Mansa DSP Transfers: ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦਰਮਿਆਨ ਪੰਜਾਬ ਸਰਕਾਰ ਨੇ ਮਾਨਸਾ ਜ਼ਿਲ੍ਹੇ ਦੀਆਂ ਤਿੰਨੇ ਸਬ-ਡਿਵੀਜ਼ਨਾਂ ਦੇ ਡੀ ਐੱਸ ਪੀ ਬਦਲ ਦਿੱਤੇ ਹਨ। ਮਾਨਸਾ ਦੇ ਡੀਐੱਸਪੀ ਹਰਜਿੰਦਰ ਸਿੰਘ ਗਿੱਲ ਨੂੰ ਪਹਿਲਾਂ ਹੀ ਮੁਅੱਤਲ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਦਾ ਵਾਧੂ ਚਾਰਜ ਡੀਐੱਸਪੀ (ਡੀ) ਪੁਸ਼ਪਿੰਦਰ ਸਿੰਘ ਗਿੱਲ ਨੂੰ ਦਿੱਤਾ ਗਿਆ ਸੀ।
ਸਪੈਸ਼ਲ ਡੀਜੀਪੀ (ਐੱਚ) ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਗੁਰਪ੍ਰਤਾਪ ਸਿੰਘ, ਜੋ ਫ਼ਤਹਿਗੜ੍ਹ ਸਾਹਿਬ ਵਿੱਚ ਡੀਐੱਸਪੀ ਕਮਾਂਡ ਸੈਂਟਰ ਵਜੋਂ ਤਾਇਨਾਤ ਸਨ, ਨੂੰ ਡੀਐੱਸਪੀ ਸਬ-ਡਵੀਜ਼ਨ ਮਾਨਸਾ ਲਾਇਆ ਗਿਆ ਹੈ। ਇਸੇ ਤਰ੍ਹਾਂ ਬਠਿੰਡਾ ਦਿਹਾਤੀ ਦੇ ਡੀਐੱਸਪੀ ਹਰਵਿੰਦਰ ਸਿੰਘ ਸਰਾਂ ਨੂੰ ਡੀਐੱਸਪੀ ਸਰਦੂਲਗੜ੍ਹ ਅਤੇ ਬਠਿੰਡਾ ਦੀ ਸਪੈਸ਼ਲ ਬਰਾਂਚ ਦੇ ਡੀਐੱਸਪੀ ਸਰਬਜੀਤ ਸਿੰਘ ਬਰਾੜ ਨੂੰ ਡੀਐੱਸਪੀ ਬੁਢਲਾਡਾ ਨਿਯੁਕਤ ਕੀਤਾ ਗਿਆ ਹੈ।
ਬੁਢਲਾਡਾ ਦੇ ਡੀਐੱਸਪੀ ਨੂੰ ਸੰਗਰੂਰ ਭੇਜਿਆ
ਬੁਢਲਾਡਾ ਦੇ ਡੀਐੱਸਪੀ ਸਿਕੰਦਰ ਸਿੰਘ ਦਾ ਤਬਾਦਲਾ ਸੰਗਰੂਰ ਦੀ ਲੱਡਾ ਕੋਠੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਤਿੰਨ ਐੱਸਪੀ ਪੱਧਰ ਦੇ ਅਧਿਕਾਰੀਆਂ ਨੂੰ ਵੀ ਆਰਜ਼ੀ ਤੌਰ ’ਤੇ ਮਾਨਸਾ ਵਿੱਚ ਤਾਇਨਾਤ ਕੀਤਾ ਗਿਆ ਹੈ। ਇਹ ਤਬਾਦਲੇ ਝੋਟਾ ਮਾਮਲੇ ਨੂੰ ਲੈ ਕੇ ਜਾਰੀ ਸੰਘਰਸ਼ ਦਰਮਿਆਨ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਮਾਨਸਾ ਵਿੱਚ ਐਂਟੀ ਡਰੱਗ ਟਾਸਕ ਫੋਰਸ ਦੇ ਸੰਚਾਲਕ ਪਰਵਿੰਦਰ ਸਿੰਘ ਝੋਟਾ ਦੀ 13 ਅਕਤੂਬਰ ਨੂੰ ਹੱਤਿਆ ਕਰ ਦਿੱਤੀ ਗਈ ਸੀ। ਇਹ ਹੱਤਿਆ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਵੱਲੋਂ ਕਰਨ ਦੇ ਦੋਸ਼ ਲਾਏ ਗਏ ਸਨ। ਮੈਡੀਕਲ ਸਟੋਰ ਮਾਲਕ ਨੇ ਉਸ ’ਤੇ ਕਈ ਗੋਲੀਆਂ ਦਾਗੀਆਂ।
ਜਾਣਕਾਰੀ ਅਨੁਸਾਰ ਘਟਨਾ ਦੌਰਾਨ ਪਰਵਿੰਦਰ ਸਿੰਘ ਝੋਟਾ ਦੇ ਫੇਸਬੁੱਕ ਪੇਜ ’ਤੇ 5 ਮਿੰਟ 48 ਸਕਿੰਟ ਦੀ ਲਾਈਵ ਵੀਡੀਓ ਬਣਾਈ ਗਈ ਸੀ, ਜਿਸ ਵਿੱਚ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਵੀਡੀਓ ਵਿੱਚ ਝੋਟਾ ਅਤੇ ਉਨ੍ਹਾਂ ਦੇ ਸਾਥੀ ਨਸ਼ਿਆਂ ਨਾਲ ਜੁੜੇ ਮੁੱਦੇ ’ਤੇ ਦਵਾਈਆਂ ਦੀ ਦੁਕਾਨ ਦੇ ਮਾਲਕ ਨਾਲ ਬਹਿਸ ਕਰਦੇ ਨਜ਼ਰ ਆ ਰਹੇ ਹਨ। ਇਸੇ ਦੌਰਾਨ ਗੋਲੀਬਾਰੀ ਹੋ ਗਈ।
ਪਰਵਿੰਦਰ ਸਿੰਘ ਝੋਟਾ ਮਾਨਸਾ ਵਿੱਚ ਲੰਬੇ ਸਮੇਂ ਤੋਂ ਨਸ਼ੇ ਦਾ ਵਿਰੋਧ ਕਰ ਰਹੇ ਸਨ। ਉਹ ਨਾ ਕੇਵਲ ਨਸ਼ਾ ਵੇਚਣ ਤੋਂ ਰੋਕਦੇ ਸਨ ਬਲਕਿ ਨਸ਼ਾ ਵੇਚਣ ਵਾਲਿਆਂ ਨੂੰ ਵੀ ਫੜਦੇ ਸਨ। ਇਸ ਨੂੰ ਲੈ ਕੇ ਕਈ ਵਾਰ ਉਨ੍ਹਾਂ ਦਾ ਝਗੜਾ ਵੀ ਹੋ ਚੁੱਕਾ ਸੀ ਅਤੇ ਉਨ੍ਹਾਂ ਦੇ ਕਹਿਣ ’ਤੇ ਕਈ ਪੰਚਾਇਤਾਂ ਨੇ ਨਸ਼ੇ ਦੇ ਖ਼ਿਲਾਫ਼ ਮਤੇ ਤੱਕ ਪਾਸ ਕੀਤੇ ਸਨ।






