ਸਿਓਲ, 5 ਮਾਰਚ- ਦੱਖਣੀ ਕੋਰੀਆ ਦੇ ਪੂਰਬੀ ਤੱਟ ਖੇਤਰ ਵਿੱਚ ਫੈਲੀ ਜੰਗਲ ਵਿੱਚ ਅੱਗ ਲੱਗਣ ਕਾਰਨ ਹਜ਼ਾਰਾਂ ਲੋਕ ਆਪਣੇ ਘਰਾਂ ਨੂੰ ਛੱਡ ਕੇ ਚਲੇ ਗਏ। ਇਸ ਨਾਲ ਇੱਕ ਪ੍ਰਮਾਣੂ ਊਰਜਾ ਪਲਾਂਟ ਤੇ ਅਸਥਾਈ ਰੂਪ ਨਾਲ ਖਤਰਾ ਪੈਦਾ ਹੋ ਗਿਆ। ਬੀਤੀ ਸ਼ਾਮ ਤੱਕ ਕਰੀਬ 1,000 ਫਾਇਰਫਾਈਟਰ ਤੇਜ਼ ਹਵਾਵਾਂ ਦਰਮਿਆਨ ਅੱਗ ਬੁਝਾਉਣ ਲਈ ਸਖ਼ਤ ਮੁਸ਼ਕਤ ਕਰਦੇ ਰਹੇ ਅਤੇ ਉਨ੍ਹਾਂ ਦਾ ਧਿਆਨ ਅੱਗ ਨੂੰ ਸਮਚਿਓਕ ਸ਼ਹਿਰ ਦੇ ਨੇੜੇ ਤਰਲ ਕੁਦਰਤੀ ਗੈਸ ਕੇਂਦਰ ਤੱਕ ਪਹੁੰਚਣ ਤੋਂ ਰੋਕਣ ਤੇ ਕੇਂਦਰਿਤ ਰਿਹਾ।
ਨੈਸ਼ਨਲ ਫਾਇਰ ਏਜੰਸੀ ਅਤੇ ਕੋਰੀਆ ਫੋਰੈਸਟ ਸਰਵਿਸ ਦੇ ਅਧਿਕਾਰੀਆਂ ਮੁਤਾਬਕ, ਅੱਗ ਨੇੜਲੇ ਉਲਜਿਨ ਕਾਊਂਟੀ ਵਿੱਚ ਇੱਕ ਪਹਾੜੀ ਖੇਤਰ ਵਿੱਚ ਬੀਤੀ ਸਵੇਰ ਲੱਗੀ ਅਤੇ ਇਸ ਨਾਲ 22 ਮਕਾਨ ਅਤੇ 9 ਹੋਰ ਢਾਂਚੇ ਨੁਕਸਾਨੇ ਗਏ। ਨੈਸ਼ਨਲ ਫਾਇਰ ਏਜੰਸੀ ਦੇ ਇੱਕ ਅਧਿਕਾਰੀ ਲੀ ਜੇਈ-ਹੂਨ ਨੇ ਦੱਸਿਆ ਕਿ ਅੱਗ ਫੈਲਣ ਤੇ ਕਰੀਬ 4,000 ਲੋਕ ਆਪਣੇ ਘਰਾਂ ਨੂੰ ਛੱਡ ਕੇ ਚੱਲੇ ਗਏ ਪਰ ਬੀਤੀ ਸ਼ਾਮ ਤੱਕ 161 ਲੋਕ ਪਰਤ ਆਏ।
ਇੱਕ ਹੋਰ ਏਜੰਸੀ ਦੇ ਅਧਿਕਾਰੀ ਕਾਂਗ ਦੇਈ-ਹੂਨ ਨੇ ਦੱਸਿਆ ਕਿ ਅੱਗ ਸਮੁੰਦਰ ਦੇ ਕੰਢੇ ਸਥਿਤ ਪ੍ਰਮਾਣੂ ਊਰਜਾ ਪਲਾਂਟ ਦੇ ਘੇਰੇ ਤੱਕ ਫੈਲ ਗਈ ਜਿਸ ਨਾਲ ਆਪਰੇਟਰ ਨੂੰ 50 ਫੀਸਦੀ ਤੱਕ ਕੰਮ ਘੱਟ ਕਰਨਾ ਪਿਆ। ਪਲਾਂਟ ਤੇ ਸੈਂਕੜੇ ਫਾਇਰਫਾਈਟਰਾਂ ਨੂੰ ਤਾਇਨਾਤ ਕੀਤਾ ਗਿਆ ਅਤੇ ਅੱਗ ਤੇ ਕਾਬੂ ਪਾਇਆ ਗਿਆ। ਅਜੇ ਤੱਕ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।






