ਬਠਿੰਡਾ, 7 ਮਾਰਚ 2022: ਰਾਜਨੀਤੀ ਦੇ ਮੈਦਾਨ ਦੇ ਬਾਬਾ ਬੋਹੜ ਸਮਝੇ ਜਾਂਦੇ ਕੁੱਝ ਅਜਿਹੇ ਉਮੀਦਵਾਰਾਂ ਦੇ ਚੋਣ ਨਤੀਜਿਆਂ ਤੇ ਦੁਨੀਆਂ ਭਰ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ ਜਿੰਨ੍ਹਾਂ ਨੇ ਉਮਰ ਦੇ ਆਖਰੀ ਪੜਾਅ ’ਚ ਐਤਕੀਂ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੱਗੀ ਫਸਵੀਂ ਸਿਆਸੀ ਜੰਗ ’ਚ ਭਾਗ ਲਿਆ ਹੈ। ਇੰਨ੍ਹਾਂ ਉਮੀਦਵਾਰਾਂ ਲਈ ਗੁਰਦਾਸ ਮਾਨ ਦਾ ਪ੍ਰਸਿੱਧ ਗੀਤ ‘ਬਹਿਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ ਵੀ ਪੂਰੀ ਤਰਾਂ ਸਟੀਕ ਬੈਠਦਾ ਹੈ। ਤਾਹੀਓਂ ਵਡੇਰੀ ਉਮਰ ’ਚ ਵਿਰੋਧੀਆਂ ਨਾਲ ਭਿੜਨ ਵਾਲੇ ਸਿਆਸਤ ਦੇ ਬੋਹੜ ਅਖਵਾਉਂਦੇ ਇੰਨ੍ਹਾਂ ਸਿਆਸੀ ਆਗੂਆਂ ਦੇ ਪੋਤੇ ਪੋਤਰੀਆਂ ਤੇ ਦੋਹਤੇ ਦੋਹਤੀਆਂ ਨੇ ਏਦਾਂ ਦੇ ਉਮੀਦਵਾਰਾਂ ਨਾਲ ਸਬੰਧਤ ਹਲਕਿਆਂ ਵਿਚਲੀ ਸਥਿਤੀ ਦੀ ਸੂਹ ਲੈ ਰਹੇ ਹਨ।
ਇੰਨ੍ਹਾਂ ਉਮੀਦਵਾਰਾਂ ’ਚ ਅਕਾਲੀ ਦਲ ਤਰਫੋਂ ਵਿਧਾਨ ਸਭਾ ਹਲਕਾ ਲੰਬੀ ਤੋਂ ਚੋਣ ਲੜਨ ਵਾਲੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਨ ਜਿੰਨ੍ਹਾਂ ਦੀ ਉਮਰ (94) ਹੈ ਜੋਕਿ ਚੋਣ ਲੜਨ ਵਾਲੇ 1304 ਉਮੀਦਵਾਰਾਂ ਚੋਂ ਸਭ ਤੋਂ ਵੱਧ ਹੈ। ਪੂਰੇ ਪੰਜਾਬ ਦੀ ਤਰਾਂ ਇਸ ਵਾਰ ਲੰਬੀ ਹਲਕੇ ’ਚ ਹੋਏ ਫਸਵੇਂ ਮੁਕਾਬਲਿਆਂ ਕਾਰਨ ਐਤਕੀਂ ਤਾਂ ਬਾਬੇ ਖਾਤਰ ਪੋਤਰਾ ਅਨੰਤਵੀਰ ਸਿੰਘ ਬਾਦਲ ਵੀ ਚੋਣ ਪ੍ਰਚਾਰ ਲਈ ਮੈਦਾਨ ’ਚ ਨਿੱਤਰਿਆ ਸੀ। ਖੁਦ ਵੱਡੇ ਬਾਦਲ ਨੇ ਵੋਟਾਂ ਖਾਤਰ ਆਪਣੇ ਹਲਕੇ ਦਾ ਪਿੰਡ ਪਿੰਡ ਗਾਹ ਮਾਰਿਆ ਸੀ। ਇਸੇ ਤਰਾਂ ਹੀ ਨੂੰਹ ਹਰਸਿਮਰਤ ਕੌਰ ਬਾਦਲ ਨੇ ਵੀ ਲੰਬੀ ਹਲਕੇ ’ਚ ਪ੍ਰਚਾਰ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ।
ਸਾਬਕਾ ਮੁੱਖ ਮੰਤਰੀ ਦਾ ਇਕਲੌਤਾ ਪੋਤਰਾ ਅਨੰਤਵੀਰ ਅਤੇ ਦੋ ਪੋਤਰੀਆਂ ਹੁਣ 10 ਮਾਰਚ ਦੀ ਉਡੀਕ ਕਰ ਰਹੀਆਂ ਹਨ। ਇਸ ਦਿਨ ਨਿਤਾਰਾ ਹੋਣਾ ਹੈ ਕਿ ਜਿੱਤ ਦੇ ਢੋਲ ਵੱਡੇ ਬਾਦਲ ਦੇ ਵਿਹੜੇ ਵੱਜਦੇ ਹਨ ਜਾਂ ਫਿਰ ਹੁਣ ਤੱਕ ਬਾਦਲਾਂ ਦੇ ਹੱਥ ’ਚ ਰਹੀਂ ਲੰਬੀ ਦੀ ਸਰਦਾਰੀ ਦਾ ਤਾਜ ਕੋਈ ਦੂਸਰਾ ਪਹਿਨਦਾ ਹੈ। ਉਮਰ ਦੇ ਲਿਹਾਜ਼ ਨਾਲ ਦੂਸਰੇ ਸਥਾਨ ਤੇ ਅਕਾਲੀ ਦਲ ਦੇ ਖਡੂਰ ਸਾਹਿਬ ਹਲਕੇ ਤੋਂ ਉਮੀਦਵਾਰ ਰਣਜੀਤ ਸਿੰਘ ਬ੍ਰਹਮਪੁਰਾ ਹਨ ਜਿੰਨ੍ਹਾਂ ਦੀ ਉਮਰ 84 ਸਾਲ ਹੈ। ਬ੍ਰਹਮਪੁਰਾ ਨੇ 16 ਦਸੰਬਰ 2018 ਨੂੰ ਅਕਾਲੀ ਦਲ ਬਾਦਲ ਨਾਲੋਂ ਵੱਖ ਹੋਕੇ ਅਕਾਲੀ ਦਲ ‘ਟਕਸਾਲੀ’ ਬਣਾ ਲਿਆ ਸੀ।
ਆਪਣੀ ਪਾਰਟੀ ਨੂੰ ਬ੍ਰਹਮਪੁਰਾ ਨੇ 19 ਅਪਰੈਲ 2021 ਨੂੰ ਅਕਾਲੀ ਦਲ ਡੈਮੋਕ੍ਰੇਟਿਕ ’ਚ ਸ਼ਾਮਲ ਕਰ ਦਿੱਤਾ ਜਿਸ ਦਾ ਨਾਮ ਹੁਣ ਸੰਯੁਕਤ ਅਕਾਲੀ ਦਲ ਹੋ ਗਿਆ ਹੈ। ਰੌਚਕ ਪਹਿਲੂ ਹੈ ਕਿ ਅਕਾਲੀ ਦਲ ਬਾਦਲ ਨਾਲੋਂ ਵੱਖ ਹੋਣ ਤੋਂ ਬਾਅਦ ਬ੍ਰਹਮਪੁਰਾ ਵੱਖ ਵੱਖ ਮੁੱਦਿਆਂ ਨੂੰ ਲੈਕੇ ਜਿਸ ਬਾਦਲ ਪ੍ਰੀਵਾਰ ਨੂੰ ਛੱਜ ’ਚ ਛੱਟਦੇ ਰਹੇ ਅੰਤ ਨੂੰ ਘੁੰਮ ਘੁਮਾਕੇ ਫਿਰ ਤੋਂ ਅਕਾਲੀ ਦਲ ਬਾਦਲ ’ਚ ਦਾਖਲਾ ਲੈ ਲਿਆ। ਖਡੂਰ ਸਾਹਿਬ ਹਲਕੇ ’ਚ ਚੋਣ ਪ੍ਰਚਾਰ ਦੌਰਾਨ ਇੰਨ੍ਹਾਂ ਤੱਥਾਂ ਅਤੇ ਦਲਬਦਲੀ ਕਾਰਨ ਬ੍ਰਹਮਪੁਰਾ ਨੂੰ ਵਿਰੋਧੀਆਂ ਦੇ ਮਿਹਣੇ ਵੀ ਸੁਣਨੇ ਪਏ ਹਨ।
ਵੱਡਿਆਂ ਸਿਆਸੀ ਨੇਤਾਵਾਂ ’ਚ ਤੀਸਰਾ ਨੰਬਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਨ ਜਿੰਨ੍ਹਾਂ ਨੇ ਕਾਂਗਰਸ ਤੋਂ ਵੱਖ ਹੋਕੇ ਪੰਜਾਬ ਲੋਕ ਕਾਂਗਰਸ ਬਣਾਈ ਹੈ। ਚੋਣਾਂ ਤੋਂ ਪਹਿਲਾਂ ਕੈਪਟਨ ਨੇ ਭਾਜਪਾ ਅਤੇ ਅਕਾਲੀ ਦਲ ਸੰਯੁਕਤ ਨਾਲ ਗੱਠਜੋੜ ਕਰ ਲਿਆ ਆਪਣੀ ਉਮਰ ਦੇ 79ਵੇਂਸਾਲ ’ਚ ਪਇਆਲਾ ਹਲਕੇ ਤੋਂ ਚੋਣ ਲੜਨ ਵਾਲੇ ਕੈਪਟਨ ਨੂੰ ਆਪਣਿਆਂ ਤੋਂ ਹੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਢੰਗ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਨੇ ਲਾਂਭੇ ਕੀਤਾ ਹੈ ਉਸ ਨੂੰ ਦੇਖਦਿਆਂ ਉਨ੍ਹਾਂ ਨੂੰ ਆਪਣੀ ਨਵੀਂ ਪਾਰਟੀ ਦੇ ਪੈਰ ਜਮਾਉਣ ਅਤੇ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਣ ਲਈ ਜੂਝਣਾ ਪੈ ਰਿਹਾ ਹੈ।
ਕੈਪਟਨ ਦੀ ਜਿੱਤ ਹਾਰ ਸਬੰਧੀ ਹਲਕੇ ਦੇ ਨਾਲ ਨਾਲ ਸਾਰਾ ਮਹਾਰਾਜਾ ਪ੍ਰੀਵਾਰ ਵੀ ਨਜ਼ਰਾਂ ਟਿਕਾਈ ਬੈਠਾ ਹੈ। ਵੱਡੀ ਗੱਲ ਹੈ ਕਿ ਕੈਪਟਨ ਨੇ ਆਪਣਾ ਮਹਾਂਰਾਜਿਆਂ ਵਾਲਾ ਅੰਦਾਜ਼ ਨਹੀਂ ਬਦਲਿਆ ਹੈ ਜਿਸ ਨੂੰ ਲੈਕੇ ਮੁੱਖ ਮੰਤਰੀ ਹੁੰਦਿਆਂ ਅਕਸਰ ਅਲੋਚਨਾ ਦਾ ਸ਼ਿਕਾਰ ਹੋਣਾ ਪੈਂਦਾ ਰਿਹਾ ਹੈ। ਇਵੇਂ ਹੀ 80 ਸਾਲ ਦੀ ਉਮਰ ’ਚ ਜੱਥੇਦਾਰ ਤੋਤਾ ਸਿੰਘ ਧਰਮਕੋਟ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ। ਬਹੁਜਨ ਸਮਾਜ ਪਾਰਟੀ ਦਾ ਇੱਕ ਉਮੀਦਵਾਰ ਵੀ 80 ਵਰਿ੍ਹਆਂ ਦਾ ਹੈ। ਅਕਾਲੀ ਦਲ ਦੇ ਜੀਰਾ ਤੋਂ ਉਮੀਦਵਾਰ ਜਨਮੇਜਾ ਸਿੰਘ 78 ਸਾਲ ਦੇ ਹਨ।






