ਤਰਨਤਾਰਨ/ਖੇਮਕਰਨ, 7 ਮਾਰਚ -ਤਰਨਤਾਰਨ ਜ਼ਿਲ੍ਹੇ ਅਧੀਨ ਪੈਂਦੀ ਭਾਰਤ-ਪਾਕਿ ਸਰਹੱਦ ਵਿਖੇ ਬੀਤੀ ਰਾਤ ਬੀ.ਐਸ.ਐਫ. ਵੱਲੋਂ ਦਾਖ਼ਲ ਹੋਏ ਪਾਕਿਸਤਾਨੀ ਡਰੋਨ ਨੂੰ ਗੋਲੀਆਂ ਮਾਰਦੇ ਹੋਏ ਖਦੇੜ ਦਿੱਤਾ ਗਿਆ। ਇਸ ਤੋਂ ਬਾਅਦ ਮੌਕੇ ਤੋਂ ਜਿੱਥੇ ਡਰੋਨ ਨੂੰ ਬਰਾਮਦ ਕਰ ਲਿਆ ਗਿਆ, ਉਥੇ 4 ਕਿੱਲੋ 410 ਗ੍ਰਾਮ ਹੈਰੋਇਨ ਵੀ ਕਬਜ਼ੇ ਵਿੱਚ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰੋਇਨ ਬਰਾਮਦ ਹੋਣ ਤੋਂ ਬਾਅਦ ਬੀ.ਐਸ.ਐਫ. ਵੱਲੋਂ ਅੱਜ ਸਵੇਰੇ ਜ਼ਿਲ੍ਹਾ ਪੁਲੀਸ ਨਾਲ ਸਾਂਝਾ ਤਲਾਸ਼ੀ ਅਭਿਆਨ ਚਲਾਇਆ ਗਿਆ।
ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਕਰੀਬ 3 ਵਜੇ 103 ਬਟਾਲੀਅਨ ਦੇ ਜਵਾਨਾਂ ਵੱਲੋਂ ਸਰਹੱਦ ਨਜ਼ਦੀਕ ਕੰਡਿਆਲੀ ਤਾਰ ਨੇੜੇ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਪਾਕਿਸਤਾਨ ਵੱਲੋਂ ਭਾਰਤ ਸਰਹੱਦ ਅੰਦਰ ਦਾਖਲ ਹੋ ਰਹੇ ਡਰੋਨ ਨੂੰ ਵੇਖ ਬੀ.ਐਸ.ਐਫ. ਦੇ ਜਵਾਨ ਅਲਰਟ ਹੋ ਗਏ। ਜਦੋਂ ਡਰੋਨ ਭਾਰਤੀ ਖੇਤਰ ਅੰਦਰ ਜ਼ਿਆਦਾ ਵਧਦਾ ਗਿਆ ਤਾਂ ਬੀ.ਐਸ.ਐਫ. ਵੱਲੋਂ ਕਰੀਬ 4 ਦਰਜਨ ਰੌਂਦ ਫਾਇਰਿੰਗ ਕਰਦੇ ਹੋਏ ਡਰੋਨ ਨੂੰ ਹੇਠਾਂ ਸੁੱਟ ਲਿਆ ਗਿਆ। ਇਸ ਤੋਂ ਬਾਅਦ ਬੀ.ਐਸ.ਐਫ. ਨੇ ਡਰੋਨ ਨਾਲ ਬੰਨ੍ਹੀ ਹੋਈ 4 ਕਿੱਲੋ 410 ਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਕਰ ਲਈ।
ਜਿਕਰਯੋਗ ਹੈ ਕਿ ਬੀ.ਐਸ.ਐਫ. ਨੇ ਜੋ ਹੈਰੋਇਨ ਬਰਾਮਦ ਕੀਤੀ ਹੈ, ਉਸ ਦੀ ਅੰਤਰਰਾਜੀ ਕੀਮਤ ਕਰੀਬ 22 ਕਰੋੜ ਰੁਪਏ ਦੱਸੀ ਜਾ ਰਹੀ ਹੈ। ਹਾਲਾਂਕਿ ਇਸ ਬਾਬਤ ਬੀ.ਐਸ.ਐਫ. ਦੇ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਪਰ ਅੱਜ ਸਵੇਰੇ ਬੀ.ਐਸ.ਐਫ. ਅਤੇ ਪੁਲੀਸ ਦੀ ਸਾਂਝੀ ਟੀਮ ਵੱਲੋਂ ਤਲਾਸ਼ੀ ਅਭਿਆਨ ਚਲਾਇਆ ਗਿਆ।






