ਕੀਵ,15 ਮਾਰਚ – ਰੂਸ ਨੇ ਯੂਕ੍ਰੇਨ ਦੀ ਰਾਜਧਾਨੀ ਕੀਵ ਦੇ ਰਿਹਾਇਸ਼ੀ ਇਲਾਕੇ ਵਿੱਚ ਲੜੀਵਾਰ ਹਵਾਈ ਹਮਲੇ ਕੀਤੇ, ਜਿਸ ਨਾਲ ਕੀਵ ਵਿੱਚ ਇੱਕ 15 ਮੰਜ਼ਿਲਾ ਇਮਾਰਤ ਨੂੰ ਅੱਗ ਲੱਗ ਗਈ। ਹਮਲੇ ਵਿੱਚ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰਾਂ ਦੇ ਇਮਾਰਤ ਵਿੱਚ ਫਸੇ ਹੋਣ ਦਾ ਖਦਸ਼ਾ ਹੈ। ਯੂਕ੍ਰੇਨ ਦੀ ਫ਼ੌਜ ਨੇ ਇੱਕ ਬਿਆਨ ਵਿੱਚ ਕਿਹਾ ਕਿ ਤੋਪਖਾਨੇ ਦੇ ਗੋਲੇ ਪੱਛਮੀ ਕੀਵ ਵਿੱਚ ਸਵੈਤੋਸ਼ਾਂਸਕੀ ਜ਼ਿਲ੍ਹੇ ਅਤੇ ਇਰਪਿਨ ਦੇ ਉਪਨਗਰ ਨੇੜੇ ਡਿੱਗੇ।
ਹਮਲੇ ਤੋਂ ਬਾਅਦ ਇਮਾਰਤ ਤੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਵੇਖੀਆਂ ਗਈਆਂ। ਮੌਕੇ ਤੇ ਮੌਜੂਦ ਫਾਇਰ ਬ੍ਰਿਗੇਡ ਨੇ ਇਸ ਹਾਦਸੇ ਵਿੱਚ ਇਕ ਵਿਅਕਤੀ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਉਥੋਂ ਕਈ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਇਮਾਰਤ ਵਿੱਚ ਅਜੇ ਵੀ ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ ਅਤੇ ਅੱਗ ਬੁਝਾਊ ਦਸਤੇ ਦੇ ਕਰਮਚਾਰੀ ਉਨ੍ਹਾਂ ਨੂੰ ਬਚਾਉਣ ਲਈ ਅਣਥੱਕ ਮਿਹਨਤ ਕਰ ਰਹੇ ਹਨ।
ਕੀਵ ਖੇਤਰ ਦੇ ਮੁਖੀ ਓਲੇਕਸੀ ਕੁਲੇਬਾ ਨੇ ਦੱਸਿਆ ਕਿ ਰੂਸ ਨੇ ਇਰਪਿਨ, ਬੁਕਾ ਅਤੇ ਹੋਸਟੋਮੇਲ ਦੇ ਉੱਤਰ-ਪੱਛਮੀ ਉਪਨਗਰਾਂ ਤੇ ਪੂਰੀ ਰਾਤ ਹਮਲੇ ਕੀਤੇ। ਯੂ੍ਰਕ੍ਰੇਨੀ ਅਧਿਕਾਰੀਆਂ ਅਨੁਸਾਰ ਰੂਸੀ ਫੌਜਾਂ ਨੇ ਦੱਖਣ ਵਿਚ ਬੰਦਰਗਾਹ ਸ਼ਹਿਰ ਮਾਰੀਉਪੋਲ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੁਬਾਰਾ ਸ਼ੁਰੂ ਕੀਤੀ ਅਤੇ ਪੂਰਬ ਵਿਚ ਖਾਰਕੀਵ ਸ਼ਹਿਰ ਤੇ ਤੋਪਾਂ ਦਾਗੀਆਂ।




