ਡੇਰਾਬੱਸੀ,16 ਮਾਰਚ – ਡੇਰਾਬੱਸੀ ਵਿੱਚ ਪੈਂਦੇ ਪਿੰਡ ਜਵਾਹਰਪੁਰ ਵਿੱਚ ਬਣੀ ਸਮਾਰਟ ਸਿਟੀ ਵਿੱਚ ਗਮਾਡਾ ਦੀ ਟੀਮ ਵਲੋਂ ਜੇ ਈ ਮਾਣਿਕ ਬਾਂਸਲ ਦੀ ਅਗਵਾਈ ਵਿੱਚ ਚਾਰ ਦਿਵਾਰੀ ਅਤੇ ਇਕ ਉਸਾਰੀ ਨੂੰ ਢਾਹ ਦਿਤਾ, ਇਸ ਮੌਕੇ ਮਾਹੌਲ ਉਦੋਂ ਤਨਾਓ ਪੂਰਨ ਹੋ ਗਿਆ ਜਦੋਂ ਗਮਾਡਾ ਦੀ ਟੀਮ ਵਲੋਂ ਕੀਤੀ ਜਾ ਰਹੀ ਕਾਰਵਾਈ ਦਾ ਵਿਰੋਧ ਕਰਦਿਆਂ ਕਾਲੋਨਾਈਜਰ ਅਤੇ ਉਸਦੇ ਬੰਦਿਆਂ ਵਲੋਂ ਗਮਾਡਾ ਦੀ ਟੀਮ ਉਪਰ ਪਥਰਾਓ ਕੀਤਾ ਗਿਆ।
ਦੂਜੇ ਪਾਸੇ ਨਯਾ ਗਾਓਂ ਵਿੱਚ ਪਂੈਦੇ ਪਿੰਡ ਕਰੋਰਾ ਵਿੱਚ ਗਮਾਡਾ ਦੀ ਟੀਮ ਵਲੋਂ ਕਾਰਵਾਈ ਕਰਦਿਆਂ ਪੰਜ ਕਾਲੋਨੀਆਂ ਵਿੱਚ ਬਣੀਆਂ ਅਣਅਧਿਕਾਰਤ ਉਸਾਰੀਆਂ ਨੂੰ ਢਾਹ ਦਿਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਮਾਡਾ ਦੀ ਰੈਗੂਲੇਟਰੀ ਬਰਾਂਚ ਦੇ ਐਸ ਡੀ ਓ ਹਰਪ੍ਰੀਤ ਸਿੰਘ ਨੇ ਦਸਿਆ ਕਿ ਪਿੰਡ ਕਰੋਰਾ ਵਿੱਚ ਬਣੀਆਂ 5 ਕਾਲੋਨੀਆਂ ਵਿੱਚ ਕਾਰਵਾਈ ਕਰਦਿਆਂ ਅਣਅਧਿਕਾਰਤ ਤੌਰ ਤੇ ਬਣੀਆਂ 8 ਦੁਕਾਨਾਂ, ਪੰਜ ਨੀਂਹਾਂ ਨੂੰ ਢਾਹ ਦਿਤੀਆਂ ਗਈਆਂ। ਇਸ ਮੌਕੇ ਇਹਨਾਂ ਕਾਲੋਨੀਆਂ ਦੀ ਸੜਕਾਂ ਨੂੰ ਪੁੱਟ ਦਿਤਾ ਗਿਆ।
ਉਹਨਾਂ ਦਸਿਆ ਕਿ ਡੇਰਾਬੱਸੀ ਵਿਚ ਪਂੈਦੇ ਪਿੰਡ ਜਵਾਹਰਪੁਰ ਵਿੱਚ ਸਮਾਰਟ ਸਿਟੀ ਦੇ ਕਾਲੋਨਾਈਜਰ ਵਲੋਂ ਗਮਾਡਾ ਦੀ ਟੀਮ ਤੇ ਜੋ ਪਥਰਾਓ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਹਨਾਂ ਕਾਲੋਨਾਈਜਰਾਂ ਖਿਲਾਫ ਕਾਰਵਾਈ ਕਰਨ ਲਈ ਜਿਲ੍ਹਾ ਪੁਲੀਸ ਦੇ ਐਸ ਐਸ ਪੀ ਨੂੰ ਲਿਖਿਆ ਗਿਆ ਹੈ। ਇਹਨਾਂ ਕਾਲੋਨਾਈਜਰਾਂ ਖਿਲਾਫ ਪਹਿਲਾਂ ਵੀ ਗਮਾਡਾ ਵਲੋਂ ਮਾਮਲਾ ਦਰਜ ਕਰਨ ਲਈ ਲਿਖਿਆ ਗਿਆ ਸੀ ਅਤੇ ਹੁਣ ਫਿਰ ਇਹਨਾਂ ਕਾਲੋਨਾਈਜਰਾਂ ਖਿਲਾਫ ਸਰਕਾਰੀ ਕੰਮ ਵਿੱਚ ਵਿਘਨ ਪਾਉਣ , ਗਮਾਡਾ ਦੀ ਟੀਮ ਤੇ ਪਥਰਾਓ ਕਰਨ ਵਿਰੁੱਧ ਮਾਮਲਾ ਦਰਜ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਣਅਧਿਕਾਰਤ ਉਸਾਰੀਆਂ ਕਰਨ ਵਾਲੇ ਕਿਸੇ ਵੀ ਕਾਲੋਨਾਈਜਰ ਨੂੰ ਬਖਸਿਆ ਨਹੀਂ ਜਾਵੇਗਾ।






