ਕੋਟਕਪੂਰਾ 21 ਮਾਰਚ 2022: ਆਮ ਆਦਮੀ ਪਾਰਟੀ ਵਲੋਂ ਪੰਜਾਬ ਦੇ ਸਹਿ ਪ੍ਰਭਾਰੀ ਰਾਘਵ ਚੱਢਾ ਨੂੰ ਰਾਜ ਸਭਾ ਲਈ ਨਾਮਜ਼ਦਗੀ ਕੀਤੀ ਗਈ ਹੈ। ਜਿਸ ਲਈ ਉਨ੍ਹਾਂ ਨਾਮਜ਼ਦਗੀ ਕਾਗਜ ਵੀ ਦਾਖਲ ਕਰ ਦਿੱਤੇ ਹਨ।
ਇਸਨੂੰ ਲੈਕੇ ਬੇਸ਼ਕ ਕੁਝ ਲੋਕਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਹੈ ਕਿ ਪੰਜਾਬ ਦੇ ਰਾਜਸਭਾ ਮੈਂਬਰ ਪੰਜਾਬ ਤੋਂ ਹੀ ਲਏ ਜਾਣੇ ਚਾਹੀਦੇ ਹਨ। ਪਰ ਇਹ ਗੱਲ ਸਾਫ ਹੈ ਕਿ ਜੇਕਰ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਦੋ ਥਾਵਾਂ ਚਮਕੌਰ ਸਾਹਿਬ ਅਤੇ ਭਦੌੜ ਤੋਂ ਹਾਰ ਮਿਲੀ ਹੈ। ਇਸ ਦੇ ਪਿੱਛੇ ਰਾਘਵ ਚੱਢਾ ਦਾ ਬਹੁਤ ਵੱਡਾ ਯੋਗਦਾਨ ਹੈ।
4 ਦਿਸੰਬਰ 2021 ਨੂੰ ਰਾਘਵ ਚੱਢਾ ਨੇ ਸਾਬਕਾ ਮੁੱਖ ਮੰਤਰੀ ਚੰਨੀ ਦੇ ਵਿਧਾਨ ਸਭਾ ਚਮਕੌਰ ਸਾਹਿਬ ਦੇ ਪਿੰਡ ਜਿੰਦਾਪੂਰ ਨਦੀ ਦੇ ਕੰਢੇ ਤੇ ਸੁਪਰਹੀਰੋ ਵਾਂਗ ਪਹੁੰਚ ਕੇ ਰੇਤ ਮਾਫੀਆ ਦਾ ਪਰਦਾਫਾਸ਼ ਕੀਤਾ ਸੀ। ਇਸਦੇ ਲਈ ਉਨ੍ਹਾਂ ਵਲੋਂ ਇਕ ਵੀਡੀਓ ਵੀ ਜਾਰੀ ਕੀਤਾ ਸੀ।
ਵੀਡੀਓ ‘ਚ ਦਿਖਾਇਆ ਗਿਆ ਸੀ ਕਿ ਜੇਸੀਬੀ ਮਸ਼ੀਨਾਂ ਰਾਹੀਂ ਰੇਤ ਨੂੰ ਟਰੱਕਾਂ ‘ਤੇ ਲੋਡ ਕੀਤਾ ਜਾ ਰਿਹਾ ਹੈ। ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੱਢਾ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਵਿਧਾਨ ਸਭਾ ਹਲਕੇ ਵਿੱਚ ਰੇਤ ਦੀ ਨਾਜਾਇਜ਼ ਮਾਈਨਿੰਗ ਦਾ ਪਰਦਾਫਾਸ਼ ਹੋਇਆ ਹੈ। ਇਹ ਸਭ ਤੋਂ ਵੱਡਾ ਖੁਲਾਸਾ ਹੈ, ਜਿਸ ਨਾਲ ਪੰਜਾਬ ਦੀ ਸਿਆਸਤ ‘ਚ ਖਲਬਲੀ ਮਚ ਜਾਵੇਗੀ।
ਆਮ ਆਦਮੀ ਪਾਰਟੀ ਦੇ ਆਗੂ ਨੇ ਕਿਹਾ, “ਅਸੀਂ ਪਿੰਡ ਜਿੰਦਾਪੁਰ ਵਿੱਚ ਹਾਂ, ਜੋ ਚਮਕੌਰ ਸਾਹਿਬ ਵਿੱਚ ਮੁੱਖ ਮੰਤਰੀ ਦਾ ਹਲਕਾ ਹੈ। ਇੱਥੇ ਖੁੱਲ੍ਹੇਆਮ ਰੇਤ ਦੀ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਰੇਤ ਦੀ ਗੈਰਕਾਨੂੰਨੀ ਢੰਗ ਨਾਲ ਟਰੱਕਾਂ ਵਿੱਚ ਢੋਆ-ਢੁਆਈ ਕੀਤੀ ਜਾ ਰਹੀ ਹੈ।” ਚੱਢਾ ਨੇ ਕਿਹਾ ਕਿ ਜਦੋਂ ਚੰਨੀ ਮੁੱਖ ਮੰਤਰੀ ਬਣੇ ਸਨ ਤਾਂ ਉਨ੍ਹਾਂ ਕਿਹਾ ਸੀ ਕਿ ਰੇਤ ਮਾਫੀਆ ਨਾਲ ਜੁੜੇ ਲੋਕ ਉਨ੍ਹਾਂ ਦੇ ਨੇੜੇ ਨਾ ਆਉਣ। ਪਰ ਇੱਥੇ ਅਸੀਂ ਦੇਖ ਸਕਦੇ ਹਾਂ ਕਿ ਇਹ ਮਾਫੀਆ ਹਾਕਮ ਧਿਰ ਦੀ ਸਰਪ੍ਰਸਤੀ ਦਾ ਫਾਇਦਾ ਉਠਾ ਰਿਹਾ ਹੈ।
ਉਨ੍ਹਾਂ ਕਿਹਾ ਕਿ 800 ਤੋਂ ਇੱਕ ਹਜ਼ਾਰ ਟਰੱਕ, ਜਿਨ੍ਹਾਂ ਨੂੰ ਟਿੱਪਰ ਕਿਹਾ ਜਾਂਦਾ ਹੈ, ਰੇਤ ਨਾਲ ਭਰ ਕੇ ਸੂਬੇ ਤੋਂ ਬਾਹਰ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ, ‘‘ਇਹ ਗ਼ੈਰ-ਕਾਨੂੰਨੀ ਗਤੀਵਿਧੀ ਮੁੱਖ ਮੰਤਰੀ ਦੀ ਨੱਕ ਹੇਠ ਅਤੇ ਉਨ੍ਹਾਂ ਦੇ ਹਲਕੇ ਵਿੱਚ ਚੱਲ ਰਹੀ ਹੈ।’’ ਚੱਢਾ ਨੇ ਦਾਅਵਾ ਕੀਤਾ ਕਿ ਚੰਨੀ ਦੇ ਹੋਰਡਿੰਗਜ਼ ਦੇਖੇ ਜਾ ਸਕਦੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਦੀ ਸਰਕਾਰ ਵੱਲੋਂ ਸੂਬੇ ਵਿੱਚ ਕਈ ਮਾਫ਼ੀਆ ਨੂੰ ਠੱਲ੍ਹ ਪਾਉਣ ਦਾ ਜ਼ਿਕਰ ਹੈ।
ਇਸਦੇ ਕੁਝ ਹੀ ਦਿਨਾਂ ਬਾਅਦ ਊਸ ਵੇਲੇ ਸੁੱਬੇ ਦੀ ਸਿਆਸਤ ਵਿੱਚ ਸੱਚਮੁੱਚ ਹੜਕੰਪ ਮੱਚ ਗਿਆ ਸੀ।
ਜਦੋਂ ਈਡੀ ਨੇ ਚੰਨੀ ਦੇ ਭਾਣਜੇ ਹਨੀ ਨੂੰ ਘੇਰ ਲਿਆ ਸੀ।
ਕੇਂਦਰ ਦੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ 18 ਜਨਵਰੀ ਮੰਗਲਵਾਰ ਸਵੇਰੇ ਪੰਜਾਬ ਦੇ ਮੋਹਾਲੀ, ਲੁਧਿਆਣਾ, ਪੰਚਕੂਲਾ ਸਮੇਤ ਕਰੀਬ 12 ਥਾਵਾਂ ‘ਤੇ ਛਾਪੇਮਾਰੀ ਕੀਤੀ।
ਇਸ ਦੌਰਾਨ ਹਨੀ ਦੇ ਠਿਕਾਣਿਆਂ ਤੋਂ ਕਰੀਬ 7.9 ਕਰੋੜ ਰੁਪਏ ਜਦੋਂਕਿ ਉਸ ਨਾਲ ਜੁੜੇ ਸੰਦੀਪ ਕੁਮਾਰ ਨਾਂ ਦੇ ਵਿਅਕਤੀ ਦੇ ਟਿਕਾਣੇ ਤੋਂ ਕਰੀਬ ਦੋ ਕਰੋੜ ਰੁਪਏ ਜ਼ਬਤ ਕੀਤੇ ਗਏ।
ਕੇਂਦਰੀ ਜਾਂਚ ਏਜੰਸੀ ਨੇ 3 ਫਰਵਰੀ ਨੂੰ ਪੰਜਾਬ ਵਿੱਚ ਰੇਤ ਦੀ ਕਥਿਤ ਨਾਜਾਇਜ਼ ਮਾਈਨਿੰਗ ਨਾਲ ਸਬੰਧਤ ਮਨੀ ਲਾਂਡਰਿੰਗ ਜਾਂਚ ਦੇ ਸਬੰਧ ਵਿੱਚ ਹਨੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ 8 ਫਰਵਰੀ ਨੂੰ ਜਾਰੀ ਬਿਆਨ ‘ਚ ਇਹ ਦਾਅਵਾ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਗ੍ਰਿਫ਼ਤਾਰ ਕੀਤੇ ਭਾਣਜੇ ਭੁਪਿੰਦਰ ਸਿੰਘ ਉਰਫ਼ ਹਨੀ ਨੇ ਸਰਹੱਦੀ ਸੂਬੇ ਵਿੱਚ ਰੇਤ ਦੀ ਖੁਦਾਈ ਨਾਲ ਸਬੰਧਤ ਗਤੀਵਿਧੀਆਂ ਅਤੇ ਅਧਿਕਾਰੀਆਂ ਦੀ ਨਿਯੁਕਤੀ ਜਾਂ ਤਬਾਦਲੇ ਵਿੱਚ ਮਦਦ ਕਰਨ ਦੇ ਬਦਲੇ 10 ਕਰੋੜ ਰੁਪਏ ਨਕਦ ਲੈਣਾ ‘ਕਬੂਲ’ ਕੀਤਾ ਹੈ।
ਸੁੱਬੇ ਦੀ ਜਨਤਾ ਨੇ ਭਾਣਜੇ ਦੀ ਗਲਤੀ ਦਾ ਚੰਨੀ ਨੂੰ ਮੂੰਹਤੋੜਵਾਂ ਜੁਆਬ ਦਿੱਤਾ। ਚੰਨੀ ਨੂੰ ਵੀ ਇਹ ਅਹਿਸਾਸ ਹੋ ਗਿਆ ਸੀ ਕਿ ਹੁਣ ਚਮਕੌਰ ਸਾਹਿਬ ਤੋਂ ਉਨ੍ਹਾਂ ਦਾ ਜਿੱਤਣਾ ਨਾਮੁਮਕਿਨ ਹੈ। ਇਸ ਲਈ ਚੰਨੀ ਨੇ ਮੁਖਮੰਤਰੀ ਹੋਣ ਦਾ ਫਾਇਦਾ ਉਠਾਕੇ ਭਦੌੜ ਰਿਜਰਵ ਹਲਕੇ ਤੋਂ ਵੀ ਆਪਣੇ ਲਈ ਟਿਕਟ ਹਾਸਿਲ ਕਰਕੇ ਦੋ ਥਾਵਾਂ ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਪਰ ਲੋਕਾਂ ਨੇ ਚੰਨੀ ਨੂੰ ਦੋਨਾਂ ਹੀ ਵਿਧਾਨਸਭਾ ਹਲਕਿਆਂ ਤੇ ਹਰਾਕੇ ਜੁਆਬ ਦਿੱਤਾ ਕਿ ਪੰਜਾਬ ਵਿਚ ਕਿਸੇ ਵੀ ਰਾਜਨੈਤਿਕ ਆਗੂ ਦਾ ਰੇਤ ਮਾਫੀਆ ਨਾਲ ਕੋਈ ਵੀ ਕਨੈਕਸ਼ਨ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਕਈ ਹੋਰ ਆਗੂ ਰੇਤ ਮਾਫੀਆ ‘ਤੇ ਸਿਆਸੀ ਸਰਪ੍ਰਸਤੀ ਦੇ ਦੋਸ਼ ਲਗਾਉਂਦੇ ਰਹੇ ਹਨ ਪਰ ਰਾਘਵ ਚੱਢਾ ਦੀ ਤਰਾਂ ਕਿਸੇ ਵੀ ਹੋਰ ਵਿਅਕਤੀ, ਪੱਤਰਕਾਰ, ਆਗੂ ਜਾਂ ਵਿਧਾਇਕ ਨੇ ਰੇਤ ਮਾਫੀਆ ਨੂੰ ਲੈਕੇ ਰਾਘਵ ਚੱਢਾ ਵਾਂਗ ਅਜਿਹੀ ਸੁਪਰ ਹੀਰੋ ਦੀ ਭੂਮਿਕਾ ਨਹੀਂ ਨਿਭਾਈ।






