ਚੰਡੀਗੜ੍ਹ, 22 ਮਾਰਚ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਸਰਕਾਰ ਵਲੋਂ 35000 ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ। ਇਹ ਅਹਿਮ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਗਰੁੱਪ ਸੀ ਤੇ ਗਰੁੱਪ ਡੀ ਦੇ 35 ਹਜ਼ਾਰ ਮੁਲਾਜ਼ਮ ਪੱਕੇ ਹੋਣਗੇ। ਉਨ੍ਹਾਂ ਕਿਹਾ ਕਿ ਅਗਲੇ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਖਾਕਾ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅਗਲੇ ਸੈਸ਼ਨ ਵਿਚ ਕਾਨੂੰਨ ਬਣਾ ਕੇ ਪਾਸ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਅਧਿਆਪਕਾਂ ਲਈ ਵੀ ਜਲਦ ਹੀ ਰਾਹ ਕੱਢ ਲਿਆ ਜਾਵੇਗਾ। ਹੁਣ ਪੰਜਾਬ ਵਿੱਚ ਕੋਈ ਵੀ ਬੇਰੁਜ਼ਗਾਰ ਜਾਂ ਮੁਲਾਜ਼ਮ ਧਰਨੇ ਨਹੀਂ ਲਾਵੇਗਾ ਕਿਉਂਕਿ ਉਨ੍ਹਾਂ ਲਈ ਜਲਦ ਹੀ ਬਿਹਤਰ ਫੈਸਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਧਰਨਾ ਤੇ ਲਾਠੀਚਾਰਜ ਮੁਕਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਮੈਂ ਆਪਣੇ ਸਾਰੇ ਅਫ਼ਸਰਾਂ ਤੇ ਚੀਫ਼ ਸੈਕਟਰੀ ਨਾਲ ਪੂਰੀ ਗੱਲਬਾਤ ਕਰਕੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਆਊਟ ਸੋਰਸਿੰਗ ਤੇ ਠੇਕਾ ਪ੍ਰਣਾਲੀ ਤੋਂ ਮੁਲਾਜ਼ਮਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਹੁਣ ਤੋਂ ਪੰਜਾਬ ਵਿੱਚ ਨਾ ਕੋਈ ਕੱਚਾ ਘਰ ਰਹੇਗਾ ਤੇ ਨਾ ਹੀ ਕੱਚਾ ਮੁਲਾਜ਼ਮ ਅਤੇ ਅੱਜ ਤੋਂ ਕੋਈ ਵੀ ਮੁਲਾਜ਼ਮ ਪਾਣੀ ਵਾਲੀ ਟੈਂਕੀ ਤੇ ਨਹੀਂ ਚੜ੍ਹੇਗਾ।






