ਅੰਮ੍ਰਿਤਸਰ, 24 ਮਾਰਚ 2022 – ਆਮ ਆਦਮੀ ਪਾਰਟੀ ਦੀ ਪੰਜਾਬ ਚ ਨਵੀਂ ਸਰਕਾਰ ਬਣਨ ਤੋਂ ਬਾਅਦ ਨਵੇਂ ਬਣੇ ਮੰਤਰੀਆਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦਾ ਸਿਲਸਿਲਾ ਜਾਰੀ ਹੈ। ਇਸੇ ਸਿਲਸਿਲੇ ਵਿਚ ਹੀ ਅੱਜ ਬਿਜਲੀ ਮਹਿਕਮੇ ਦੇ ਮੰਤਰੀ ਹਰਭਜਨ ਸਿੰਘ ਈ ਟੀ ਓ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਜਲਦੀ ਹੀ ਆਮ ਆਦਮੀ ਪਾਰਟੀ ਵੱਲੋਂ ਬਿਜਲੀ ਲੈ ਕੇ ਐਲਾਨ ਕੀਤੀਆਂ ਗਈਆਂ ਗਾਰੰਟੀਆਂ ਲਾਗੂ ਕੀਤੀਆਂ ਜਾਣਗੀਆਂ ਨਾਲ ਹੀ ਉਨ੍ਹਾਂ ਕਿਹਾ ਕਿ ਰੂਹਾਨੀਅਤ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਨੂੰ ਸਸਤੀ ਬਿਜਲੀ ਦੇਣ ਤੇ ਵਿਚਾਰ ਕੀਤਾ ਜਾ ਸਕਦਾ ਹੈ।
ਹਾਲਾਂਕਿ ਇਸ ਨੂੰ ਕਾਫੀ ਚੈਲੰਜਿੰਗ ਦੱਸਿਆ ਅਤੇ ਕਿਹਾ ਕਿ ਅੱਜ ਉਹ ਸ੍ਰੀ ਹਰਿਮੰਦਰ ਸਾਹਿਬ ਇਹੋ ਅਰਦਾਸ ਕਰਨ ਆਏ ਹਨ ਕਿ ਪੰਜਾਬ ਤਰੱਕੀ ਦੀ ਰਾਹ ਤੇ ਚੱਲੇ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਜਿਥੇ ਕਿ ਬਿਜਲੀ ਦੀ ਬਹੁਤ ਵੱਡੀ ਗਿਣਤੀ ਵਿੱਚ ਖਪਤ ਹੁੰਦੀ ਹੈ। ਆਉਣ ਵਾਲੇ ਸਮੇਂ ਵਿੱਚ ਇਸ ਉਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਨਾਲ ਹੀ ਓਹਨਾਂ ਕਿਹਾ ਕਿ ਪੰਜਾਬ ਵਿੱਚ ਵੱਡੀ ਗਿਣਤੀ ਵਿਚ ਲੋਕ ਪਿੰਡਾਂ ਵਿੱਚ ਵਸਦੇ ਹਨ ਅਤੇ ਪਿੰਡਾਂ ਚ ਫਸਲਾਂ ਨੂੰ ਪਾਣੀ ਲਾਉਣ ਵਿੱਚ ਟਿਊਬਵੈੱਲਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਵਿੱਚ ਕਾਫ਼ੀ ਬਿਜਲੀ ਦਾ ਇਸਤੇਮਾਲ ਹੁੰਦਾ ਹੈ ਉਨ੍ਹਾਂ ਕਿਹਾ ਕਿ ਬਿਜਲੀ ਦੇ ਹੋਰਨਾਂ ਸਰੋਤਾਂ ਵੱਲ ਵੀ ਧਿਆਨ ਦਿੱਤਾ ਜਾਵੇਗਾ ਜਿਵੇਂ ਕਿ ਸੋਲਰ ਪੈਨਲ ਅਤੇ ਬਾਇਓਗੈਸ,ਜਿਸ ਨਾਲ ਪਿੰਡਾਂ ਵਿੱਚ ਨਿਰਵਿਘਨ ਅਤੇ ਸਸਤੀ ਬਿਜਲੀ ਦਿੱਤੀ ਜਾ ਸਕੇ।
ਆਮ ਆਦਮੀ ਪਾਰਟੀ ਵਿੱਚ ਕਾਂਗਰਸ ਤੋਂ ਧੜਾ ਧੜ ਸ਼ਾਮਿਲ ਹੋ ਰਹੇ ਕਾਊਂਸਲਰਾਂ ਵਾਸਤੇ ਉਨ੍ਹਾਂ ਨੇ ਕਿਹਾ ਕਿ ਮੈਰਿਟ ਦੇ ਆਧਾਰ ਉੱਤੇ ਹੀ ਟਿਕਟ ਦਿੱਤੀ ਜਾਵੇਗੀ ਅਤੇ ਜਿਸ ਤਰ੍ਹਾਂ ਇਕ ਆਮ ਘਰ ਤੋਂ ਉੱਠ ਕੇ ਉਹ ਅੱਜ ਪੰਜਾਬ ਦੀ ਮੰਤਰੀ ਬਣੇ ਹਨ ਅਜਿਹਾ ਹੀ ਹੋਣ ਵਾਲੀ ਨਗਰ ਨਿਗਮ ਨੇ ਚੋਣਾਂ ਦੇ ਵਿੱਚ ਲੋਕਾਂ ਨੂੰ ਦੇਖਣ ਨੂੰ ਮਿਲੇਗਾ।
ਰਾਜ ਸਭਾ ਮੈਂਬਰਾਂ ਬਾਰੇ ਖੱਬੇ ਪੱਖੀ ਪਾਰਟੀਆਂ ਅਤੇ ਹੋਰਨਾਂ ਵੱਲੋਂ ਸਵਾਲ ਚੁੱਕਣ ਤੇ ਉਨ੍ਹਾਂ ਨੇ ਕਿਹਾ ਕਿ ਜਿੰਨੇ ਵੀ ਰਾਜ ਸਭਾ ਮੈਂਬਰ ਬਣਾਏ ਗਏ ਹਨ ਉਹ ਸਾਰੇ ਹੀ ਕਾਬਲ ਹਨ ਅਤੇ ਪੰਜਾਬ ਦੇ ਮਸਲੇ ਚੁੱਕਣ ਦੀ ਸਮਰੱਥਾ ਰੱਖਦੇ ਹਨ ਉਨ੍ਹਾਂ ਰਾਘਵ ਚੱਢਾ ਸਮੇਤ ਹੋਰਨਾਂ ਮੈਂਬਰਾਂ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਇਹ ਸਾਰੇ ਮਿਲ ਕੇ ਪੰਜਾਬ ਦੇ ਹੱਕਾਂ ਦੀ ਆਵਾਜ਼ ਬਣਨਗੇ ਜਿਸ ਦੇ ਨਾਲ ਪੰਜਾਬ ਦੇ ਭਖਦੇ ਮਸਲਿਆਂ ਨੂੰ ਹੱਲ ਕੀਤਾ ਜਾ ਸਕੇਗਾ।






