ਬਠਿੰਡਾ, 24ਮਾਰਚ2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਰੋਕਣ ਲਈ ਜਾਰੀ ਹੈਲਪਲਾਈਨ ਤੇ ਬਠਿੰਡਾ ਜਿਲ੍ਹੇ ਦੇ ਤਲਵੰਡੀ ਸਾਬੋ ’ਚ ਤਾਇਨਾਤ ਤਹਿਸੀਲਦਾਰ ਦੀ ਤਿੰਨ ਹਜ਼ਾਰ ਰੁਪਏ ਵੱਢੀ ਲੈਣ ਦੇ ਮਾਮਲੇ ਦੀ ਸ਼ਕਾਇਤ ਕਰਨ ਵਾਲਾ ਸ਼ਹਿਰ ਦਾ ਸਮਾਜਿਕ ਕਾਰਕੁੰਨ ਤੇ ਗਊਸ਼ਾਲਾ ਦਾ ਜਰਨਲ ਸਕੱਤਰ ‘ਸਾਧੂ ਰਾਮ ਕੁਸਲਾ’ ਭ੍ਰਿਸ਼ਟ ਤੰਤਰ ਖਿਲਾਫ ਜੰਗ ਦਾ ‘ਆਈਕਾਨ’ ਬਣਕੇ ਉੱਭਰਿਆ ਹੈ। ਰੌਚਕ ਤੱਥ ਹੈ ਕਿ ਮੁੱਖ ਮੰਤਰੀ ਦੇ ਨੰਬਰ ਜਾਰੀ ਕਰਨ ਦੇ ਕੁੱਝ ਹੀ ਸਕਿੰਟਾਂ ’ਚ ਜਦੋਂ ਕੁਸਲਾ ਨੇ ਆਪਣੀ ਸ਼ਕਾਇਤ ਦਾਇਰ ਕਰ ਦਿੱਤੀ ਜਿਸ ਨੂੰ ਦੇਖਕੇ ਇੱਕ ਵਾਰ ਅਫਸਰ ਵੀ ਦੰਗ ਰਹਿ ਗਏ।
ਤਾਜਾ ਲੜਾਈ ਕਾਰਨ ਕੁਸਲਾ ਨੂੰ ਪੰਜਾਬ ਵਿੱਚੋਂ ਹੀ ਨਹੀਂ ਬਲਕਿ ਦੇਸ਼ ਵਿਦੇਸ਼ ਵਿੱਚੋਂ ਲਗਾਤਾਰ ਫੋਨ ਆ ਰਹੇ ਹਨ। ਸਮਾਜਿਕ ਧਿਰਾਂ ਵੱਲੋਂ ਵੀ ਕੁਸਲਾ ਦੀ ਪਿੱਠ ਥਾਪੜੀ ਜਾ ਰਹੀ ਹੈ। ਸਾਧੂ ਰਾਮ ਕੁਸਲਾ ਦੀ ਭ੍ਰਿਸ਼ਟਾਚਾਰ ਵਿਰੁੱਧ ਇਹ ਲੜਾਈ ਪਹਿਲੀ ਨਹੀਂ ਸਗੋਂ ਉਸ ਨੇ ਤਾਂ ਸਰਕਾਰੀ ਨੌਕਰੀ ਦੌਰਾਨ ਵੀ ਭ੍ਰਿਸ਼ਟਾਚਾਰ ਖਿਲਾਫ ਅਵਾਜ਼ ਚੁੱਕੀ ਸੀ। ਕੁਸਲਾ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਮੁਅੱਤਲੀ ਕੀਤਾ ਗਿਆ ਫਿਰ ਵੀ ਉਹ ਅਡੋਲ ਆਪਣੇ ਰਾਹ ਤੇ ਚੱਲਦਾ ਆ ਰਿਹਾ ਹੈ। ਅਸਲ ’ਚ ਸਾਧੂ ਰਾਮ ਕੁਸਲਾ ਦਾ ਜੱਦੀ ਪਿੰਡ ‘ਕੁਸਲਾ’ ਮਾਨਸਾ ਜਿਲ੍ਹੇ ‘ਚ ਸਥਿਤ ਹੈ ।
ਸਾਲ 1976 ਵਿੱਚ ਜਦੋਂ ਪੁਲਿਸ ਦੀ ਦਹਿਸ਼ਤ ਦਾ ਕੋਈ ਹਿਸਾਬ ਹੀ ਨਹੀਂ ਹੁੰਦਾ ਸੀ ਤਾਂ ਪਿੰਡ ’ਚ ਛਾਪਾ ਮਾਰਨ ਆਏ ਪੁਲਿਸ ਮੁਲਾਜਮਾਂ ਵਿੱਚੋਂ ਇੱਕ ਨੇ ਗਰਭਵਤੀ ਔਰਤ ਦੇ ਢਿੱਡ ‘ਚ ਲੱਤ ਮਾਰੀ ਦਿੱਤੀ ਜਿਸ ਨੂੰ ਦੇਖਦਿਆਂ ਕੁਸਲਾ ਵੱਟ ਖਾ ਗਿਆ। ਪੁਲਿਸ ਛਾਪੇ ਕਾਰਨ ਪਿੰਡ ‘ਚ ਫੈਲੀ ਪੁਲਿਸ ਦੀ ਦਹਿਸ਼ਤ ਦੇ ਬਾਵਜੂਦ ਸਾਧੂ ਰਾਮ ਨੇ ਪਿੰਡ ਵਾਸੀ ਲਾਮਬੰਦ ਕਰ ਲਏ ਅਤੇ ਮਿਸਾਲੀ ਲੜਾਈ ਲੜੀ ਜਿਸ ਦੇ ਅਧਾਰ ਤੇ ਸਬੰਧਤ ਮੁਲਾਜਮ ਮੁਅੱਤਲ ਕਰਨਾ ਪਿਆ ਸੀ। ਉਸ ਘਟਨਾ ਮਗਰੋਂ ਬੇਇਨਸਾਫੀ ਖਿਲਾਫ ਅਜਿਹਾ ਯੁੱਧ ਸ਼ੁਰੂ ਕੀਤਾ ਤੇ ਪਿੱਛੇ ਮੁੜਕੇ ਨਹੀਂ ਦੇਖਿਆ।
ਪੰਜਾਬ ਸਰਕਾਰ ਦੇ ਪੰਚਾਇਤ ਵਿਭਾਗ ਚੋਂ ਪ੍ਰੋਜੈਕਟ ਅਫਸਰ ਦੇ ਅਹੁਦੇ ਤੋਂ ਸੇਵਾਮੁਕਤ ਹੋਇਆ ਸਾਧੂ ਰਾਮ ਕੁਸਲਾ ਬਤੌਰ ਸਟੈਨੋਗਰਾਫਰ ਭਰਤੀ ਹੋਇਆ ਸੀ। ਪਹਿਲੀ ਵਾਰ ਉਹ ਉਸ ਵਕਤ ਚਰਚਾ ’ਚ ਆਇਆ ਜਦੋਂ ਨੌਕਰੀ ਦੀ ਸ਼ਰੂਆਤ ‘ਚ ਇੱਕ ਅਧਿਕਾਰੀ ਨੇ ਕੱਪੜੇ ਆਪਣੇ ਲਈ ਖਰੀਦੇ ਪਰ ਬਿੱਲ ਦਫਤਰ ਦੇ ਪਰਦਿਆਂ ਦਾ ਬਣਵਾਕੇ ਪਾਸ ਕਰਵਾ ਲਿਆ। ਉਨ੍ਹਾਂ ਇਸ ਧਾਂਦਲੀ ਦੀ ਸ਼ਕਾਇਤ ਉੱਚ ਪੱਧਰ ’ਤੇ ਕਰ ਦਿੱਤੀ ਤਾਂ ਅਫਸਰ ਨਰਾਜ਼ ਹੋ ਗਏ। ਸਾਥੀ ਮੁਲਾਜਮਾਂ ਨੇ ਉਸ ਨੂੰ ਨੌਕਰੀ ਦਾਅ ਤੇ ਨਾਂ ਲਾਉਣ ਦੀ ਸਲਾਹ ਦਿੱਤੀ ਪਰ ਉਹ ਅੜਿਆ ਰਿਹਾ ਤਾਂ ਸਬੰਧਤ ਅਫਸਰ ਚਾਰਜਸ਼ੀਟ ਕਰਨਾ ਪਿਆ।
ਸਾਲ 1983-84 ‘ਚ ਉਸ ਦੇ ਵਿਭਾਗ ਨੇ ਗਰੀਬਾਂ ਨੂੰ ਵੰਡਣ ਲਈ 380 ਰੁਪਏ ਪ੍ਰਤੀ ਮਸ਼ੀਨ ਦੇ ਹਿਸਾਬ ਨਾਲ ਸਿਲਾਈ ਮਸ਼ੀਨਾਂ ਖਰੀਦੀਆਂ ਸਨ ਜਦੋਂ ਕਿ ਬਜ਼ਾਰ ’ਚ ਭਾਅ 340 ਰੁਪਏ ਸੀ। ਉਸ ਨੇ ਮਸ਼ੀਨਾਂ ਸਪਲਾਈ ਕਰਨ ਵਾਲੇ ਦੁਕਾਨਦਾਰ ਤੋਂ 340 ਰੁਪਏ ਵਿਚ ਮਸ਼ੀਨ ਖਰੀਦ ਕੇ ਬਿੱਲ ਲੈ ਲਿਆ। ਇਸ ਸਬੰਧ ’ਚ ਕੀਤੀ ਸ਼ਕਾਇਤ ਵਾਪਿਸ ਲੈਣ ਲਈ ਵੀ ਕੁਸਲਾ ’ਤੇ ਭਾਰੀ ਦਬਾਅ ਪਿਆ ਪਰ ਜਦੋਂ ਉਹ ਨਾਂ ਮੰਨਿਆ ਤਾਂ ਮਹਿਕਮੇ ਨੂੰ ਮਸ਼ੀਨਾਂ ਦੇ ਪੈਸੇ 340 ਰੁਪਏ ਦੇ ਹਿਸਾਬ ਨਾਲ ਅਦਾਇਗੀ ਕਰਨ ਦੇ ਆਦੇਸ਼ ਦੇਣ ਪਏ। ਸਾਲ 1989-90 ‘ਚ ਵਿਭਾਗ ਨੇ ਕੇਂਦਰ ਸਰਕਾਰ ਦੀ ਸਕੀਮ ਤਹਿਤ ਟੂਲ ਕਿੱਟਾਂ ਬਜ਼ਾਰ ਨਾਲੋਂ ਜਿਆਦਾ ਕੀਮਤ ਤੇ ਖਰੀਦ ਲਈਆਂ।
ਉਸ ਵਕਤ ਵੀ ਕੁਸਲਾ ਨੇ ਮਸ਼ੀਨਾਂ ਵਾਲਾ ਫਾਰਮੂਲਾ ਅਪਣਾ ਕੇ ਕੁਰੱਪਸ਼ਨ ਸਾਹਮਣੇ ਲਿਆਂਦੀ। ਸਾਧੂ ਰਾਮ ਮੁਤਾਬਕ ਉਸ ਵਕਤ ਵੀ ਖਰੀਦ ਨਾਲ ਜੁੜੇ ਅਧਿਕਾਰੀਆਂ ਨੇ ਨੌਕਰੀ ਦਾ ਰਿਕਾਰਡ ਖਰਾਬ ਕਰਨ ਅਤੇ ਝੂਠੇ ਕੇਸਾਂ ’ਚ ਉਲਝਾਉਣ ਦੀ ਧਮਕੀ ਦਿੱਤੀ । ਸਾਧੂ ਰਾਮ ਕੁਸਲਾ ਨੂੰ ਝੂਠੀ ਸ਼ਕਾਇਤ ਦੇ ਅਧਾਰ ਤੇ ਮੁਅੱਤਲ ਕਰ ਦਿੱਤਾ ਗਿਆ। ਜਦੋਂ ਜਾਂਚ ਦੌਰਾਨ ਦੋਸ਼ ਸਿੱਧ ਨਾ ਹੋਏ ਤਾਂ ਮੁਅੱਤਲੀ ਰੱਦ ਕਰਨੀ ਪਈ । ਸਾਧੂ ਰਾਮ ਕੁਸਲਾ ਜਦੋਂ ਪੀ.ਐਨ.ਡੀ.ਟੀ ਸੈਲ ਦਾ ਮੈਂਬਰ ਸਕੱਤਰ ਸੀ ਤਾਂ ਪਹਿਲੇ ਸਾਲ ਹੀ ਭਰੂਣ ਹੱਤਿਆ ਨਾਲ ਸਬੰਧਤ 10 ਕੇਸ ਸਾਹਮਣੇ ਲਿਆਂਦੇ ਅਤੇ ਮੁਕੱਦਮੇ ਦਰਜ ਕਰਵਾਏ ।





