ਕੁਇਟੋ, 4 ਅਪ੍ਰੈਲ- ਇਕਵਾਡੋਰ ਦੀ ਇੱਕ ਜੇਲ੍ਹ ਵਿੱਚ ਹਿੰਸਕ ਦੰਗੇ ਦੌਰਾਨ 12 ਕੈਦੀਆਂ ਦੀ ਮੌਤ ਹੋ ਗਈ ਅਤੇ 10 ਵਿਅਕਤੀ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਦੇ ਸਭ ਤੋਂ ਵੱਡੇ ਸੁਧਾਰ ਕੇਂਦਰਾਂ ਵਿੱਚੋਂ ਇੱਕ ਕੁਏਨਕਾ ਸ਼ਹਿਰ ਦੀ ਤੂਰੀ ਜੇਲ੍ਹ ਵਿੱਚ ਬੀਤੇ ਦਿਨ ਇਹ ਦੰਗਾ ਹੋਇਆ।
ਦੰਗਿਆਂ ਦੇ ਜਵਾਬ ਵਿੱਚ ਸਰਕਾਰ ਨੇ ਕਾਨੂੰਨ ਅਤੇ ਵਿਵਸਥਾ ਨੂੰ ਬਹਾਲ ਕਰਨ ਲਈ ਰਾਸ਼ਟਰੀ ਪੁਲੀਸ ਅਤੇ ਹਥਿਆਰਬੰਦ ਬਲਾਂ ਦੇ 800 ਤੋਂ ਵੱਧ ਮੈਂਬਰਾਂ ਨੂੰ ਭੇਜਿਆ। ਗ੍ਰਹਿ ਮੰਤਰੀ ਪੈਟਰੀਸਿਓ ਕੈਰੀਲੋ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹੁਣ ਤੱਕ 12 ਪੀੜਤਾਂ ਦੀ ਪਛਾਣ ਕੀਤੀ ਗਈ ਹੈ। ਕੈਰੀਲੋ ਨੇ ਕਿਹਾ ਹਿੰਸਾ ਗੈਂਗ ਨਾਲ ਸਬੰਧਤ ਸੀ। ਉਨ੍ਹਾਂ ਕਿਹਾ ਕਿ ਇੱਥੇ ਇੱਕ ਅਜਿਹਾ ਸੰਗਠਨ ਹੈ ਜੋ ਜੇਲ੍ਹ ਅੰਦਰ ਕੰਟਰੋਲ ਲੈਣਾ ਚਾਹੁੰਦਾ ਹੈ ਪਰ ਕੁੱਝ ਕੈਦੀਆਂ ਨੇ ਇਸ ਦਾ ਵਿਰੋਧ ਕੀਤਾ ਸੀ।
ਅਧਿਕਾਰੀਆਂ ਮੁਤਾਬਕ ਇਸ ਦੌਰਾਨ 90 ਕੈਦੀਆਂ ਨੂੰ ਬਾਹਰ ਕੱਢਿਆ ਗਿਆ ਸੀ, ਜਿਨ੍ਹਾਂ ਵਿੱਚੋਂ 10 ਜ਼ਖ਼ਮੀ ਹੋ ਗਏ। ਕੈਰੀਲੋ ਨੇ ਕਿਹਾ ਕਿ ਬਦਕਿਸਮਤੀ ਨਾਲ, ਜੇਲ੍ਹਾਂ ਲੰਬੇ ਸਮੇਂ ਤੋਂ ਇੱਕ ਸਥਾਈ ਖ਼ਤਰਾ ਬਣ ਗਈਆਂ ਹਨ। ਅਸੀਂ ਲੋੜੀਂਦੀਆਂ ਕਾਰਵਾਈਆਂ ਕਰਨ ਜਾ ਰਹੇ ਹਾਂ। ਕੈਰੀਲੋ ਨੇ ਕਿਹਾ ਦੇਸ਼ ਦੀਆਂ ਹੋਰ ਜੇਲ੍ਹਾਂ ਵਿਚ ਵੀ ਸੰਭਾਵੀ ਦੰਗਿਆਂ ਨੂੰ ਰੋਕਣ ਲਈ ਉਪਾਅ ਕੀਤੇ ਜਾ ਰਹੇ ਹਨ।





