ਐਸ ਏ ਐਸ ਨਗਰ, 8 ਅਪ੍ਰੈਲ – ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਬੀਤੇ ਕੱਲ ਤੋਂ ਅਰੰਭ ਕੀਤੀ ਗਈ ਮਿਡਲ ਪ੍ਰੀਖਿਆ ਦੀਆਂ ਉਤਰ ਕਾਪੀਆਂ ਬੋਰਡ ਦੇ ਮੁੱਖ ਦਫਤਰ ਮੁਹਾਲੀ ਵਿੱਚ ਜਮਾਂ ਕਰਵਾਉਣ ਆਏ ਬੋਰਡ ਮੁਲਾਜਮਾਂ ਨੂੰ ਸਾਰੀ ਰਾਤ ਖੱਜਲ ਖੁਆਰ ਹੋਣਾ ਪਿਆ, ਕਿਉਂਕਿ ਬੋਰਡ ਦੇ ਅਧਿਕਾਰੀਆਂ ਵਲੋਂ ਵਾਹਨਾਂ ਵਿਚੋਂ ਉਤਰ ਕਾਪੀਆਂ ਉਤਾਰਨ ਲਈ ਲੇਬਰ ਦਾ ਪ੍ਰਬੰਧ ਨਹੀਂ ਕੀਤਾ ਗਿਆ ਸੀ ਅਤੇ ਮੁਲਾਜਮ ਸਾਰੀ ਰਾਤ ਖੱਜਲ ਖੁਆਰ ਹੁੰਦੇ ਰਹੇ।
ਸਿਖਿਆ ਬੋਰਡ ਦੇ ਮੁਲਾਜਮ ਆਗੂਆਂ ਨੇ ਦਸਿਆ ਕਿ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਬੀਤੇ ਕੰਲ ਤੋਂ ਅੱਠਵੀ ਦੀ ਪ੍ਰੀਖਿਆ ਆਰੰਭ ਕੀਤੀ ਗਈ ਹੈ ਅਤੇ ਸੂਬੇ ਭਰ ਵਿੱਚ ਹੋਣ ਵਾਲੀ ਪ੍ਰੀਖਿਆ ਦੀਆਂ ਉਤਰ ਕਾਪੀਆਂ ਪਹਿਲਾਂ ਜਿਲਾ ਹੈਡਕੁਆਟਰ ਤੇ ਜਮ੍ਹਾਂ ਹੁੰਦੀਆਂ ਹਨ ਅਤੇ ਫਿਰ ਉਥੋਂ ਇਕਠੀਆਂ ਕਰਕੇ ਇਹ ਉਤਰ ਕਾਪੀਆਂ ਸਿਖਿਆ ਬੋਰਡ ਦੇ ਮੁੱਖ ਦਫਤਰ ਮੁਹਾਲੀ ਵਿਖੇ ਭੇਜੀਆਂ ਜਾਂਦੀਆਂ ਹਨ।
ਉਹਨਾਂ ਦਸਿਆ ਕਿ ਬੀਤੇ ਕੰਲ ਅੱਠਵੀਂ ਦੀ ਪ੍ਰੀਖਿਆ ਦੇ ਪਹਿਲੇ ਦਿਨ ਜਦੋਂ ਵੱਖ ਵੱਖ ਜਿਲ੍ਹਿਆਂ ਤੋਂ ਇਕਠੀਆਂ ਕੀਤੀਆਂ ਉਤਰ ਕਾਪੀਆਂ ਲੈ ਕੇ ਵਾਹਨ ਬੋਰਡ ਦੇ ਮੁੱਖ ਦਫਤਰ ਮੁਹਾਲੀ ਵਿਖੇ ਪਹੁੰਚੇ ਤਾਂ ਇੱਥੇ ਬੋਰਡ ਅਧਿਕਾਰੀਆਂ ਵਲੋਂ ਇਹਨਾ ਉਤਰ ਕਾਪੀਆਂ ਨੂੰ ਵਾਹਨਾਂ ਵਿਚੋਂ ਉਤਾਰਨ ਲਈ ਲੇਬਰ ਦਾ ਕੋਈ ਪ੍ਰਬੰਧ ਨਾ ਕੀਤੇ ਜਾਣ ਕਾਰਨ ਇਹ ਉਤਰ ਕਾਪੀਆਂ ਲੈ ਕੇ ਆਏ ਟ੍ਰਕ ਸਾਰੀ ਰਾਤ ਉੱਥੇ ਹੀ ਖੜ੍ਹੇ ਰਹੇ ਅਤੇ ਬੋਰਡ ਮੁਲਾਜਮ ਸਾਰੀ ਰਾਤ ਖੱਜਲ ਖੁਆਰ ਹੁੰਦੇ ਰਹੇ।
ਉਹਨਾਂ ਦੱਸਿਆ ਕਿ ਹਰ ਸਾਲ ਪ੍ਰੀਖਿਆ ਤੋਂ ਬਾਅਦ ਉੱਤਰ ਕਾਪੀਆਂ ਲੈ ਕੇ ਆਊਣ ਵਾਲੀਆਂ ਗੱਡੀਆਂ ਤੋਂ ਉੱਤਰ ਕਾਪੀਆਂ ਨੂੰ ਉਤਾਰ ਕੇ ਸੰਭਾਲਣ ਲਈ ਲੇਬਰ ਲਗਾਈ ਜਾਂਦੀ ਹੈ ਪਰੰਤੂ ਇਸ ਵਾਰ ਅਜਿਹਾ ਨਹੀਂ ਕੀਤਾ ਗਿਆ ਅਤੇ ਇਸ ਕਮ ਤੇ ਡੇਲੀ ਵੇਜ ਮੁਲਾਜਮਾਂ ਨੂੰ ਲਗਾਇਆ ਗਿਆ ਸੀ ਜਿਹੜੇ ੪ਾਮ ਪੰਜ ਵਜੇ ਘਰ ਚਲੇ ਗਏ ਅਤੇ ਜਿਹੜੀਆਂ ਗੱਡੀਆਂ ਉਸਤੋਂ ਬਾਅਦ ਆਈਆਂ ਉਹਨਾਂ ਨੂੰ ਸਾਰੀ ਰਾਤ ਉੱਥੇ ਹੀ ਖੜ੍ਹੇ ਹੋਣਾ ਪਿਆ। ਉਹਨਾਂ ਮੰਗ ਕੀਤੀ ਕਿ ਜਿਲਾ ਹੈਡਕੁਆਟਰਾਂ ਤੋਂ ਆਉਣ ਵਾਲੀਆਂ ਉਤਰ ਕਾਪੀਆਂ ਉਤਾਰਨ ਲਈ ਲੇਬਰ ਦਾ ਪ੍ਰਬੰਧ ਕੀਤਾ ਜਾਵੇ।
ਪ੍ਰਾਪਤ ਜਾਣਕਰੀ ਅਨੁਸਾਰ ਹਰ ਸਾਲ ਇਸ ਕੰਮ ਵਾਸਤੇ ਮੰਗਵਾਈ ਜਾਣ ਵਾਲੀ ਲੇਬਰ ਤੇ ਉੱਚ ਅਧਿਕਾਰੀਆਂ ਵਲੋਂ ਇਹ ਇਤਰਾਜ ਕੀਤਾ ਗਿਆ ਸੀ ਕਿ ਇਹ ਕੰਮ ਡੇਲੀ ਵੇਜ ਕਰਮਚਾਰੀਆਂ ਤੋਂ ਕਰਵਾਇਆ ਜਾਵੇ ਪਰੰਤੂ ਡੇਲੀ ਵੇਜ ਕਰਮਚਾਰੀਆਂ ਵਿੱਚ ਕਾਫੀ ਜਿਆਦਾ ਔਰਤ ਕਰਮਚਾਰੀ ਹਨ ਜਿਹਨਾਂ ਨੂੰ ਦੇਰ ਰਾਤ ਤਕ ਰੋਕਿਆ ਨਹੀਂ ਜਾ ਸਕਦਾ ਅਤੇ ਮਰਦ ਕਰਮਚਾਰੀ ਵੀ ੪ਾਮ ਵੇਲੇ ਡਿਊਟੀ ਖਤਮ ਕਰਕੇ ਚਲੇ ਗਏ ਜਿਸ ਕਾਰਨ ਇਹ ਸਾਰਾ ਕੁੱਝ ਵਾਪਰਿਆ।
ਇਸ ਸੰਬੰਧੀ ਸੰਪਰਕ ਕਰਨ ਤੇ ਪੰਜਾਬ ਸਕੂਲ ਸਿਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਸ੍ਰੀ ਜਨਕ ਰਾਜ ਮਹਿਰੋਕ ਨੇ ਮੰਨਿਆ ਕਿ ਲੇਬਰ ਦੀ ਕਮੀ ਕਾਰਨ ਉੱਤਰ ਕਾਪੀਆਂ ਦੀ ਸਾਂਭ ਸੰਭਾਲ ਦਾ ਕੰਮ ਪ੍ਰਭਾਵਿਤ ਹੋਇਆ ਹੈ । ਉਹਨਾਂ ਕਿਹਾ ਕਿ ਅੱਜ ਤੜਕੇ 5 ਵਜੇ ਤਕ ਕਾਪੀਆਂ ਦੀ ਸੰਭਾਲ ਦਾ ਕੰਮ ਮੁਕੰਮਲ ਕਰ ਲਿਆ ਗਿਆ ਸੀ। ਉਹਨਾਂ ਕਿਹਾ ਕਿ ਇਸ ਸਮੱਸਿਆ ਦੇ ਹਲ ਲਈ ਅੱਜ ਡੇਲੀ ਵੇਜ ਮਰਦ ਕਰਮਚਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਜਿਹੜੇ ਰੋਸਟਰ ਦੇ ਹਿਸਾਬ ਨਾਲ ਉੱਤਰ ਕਾਪੀਆਂ ਦੀ ਸਾਂਭ ਸੰਭਾਲ ਦਾ ਕੰਮ ਕਰਣਗੇ। ਉਹਨਾਂ ਕਿਹਾ ਕਿ ਇਸ ਬਾਰੇ ਪਤਾ ਲੱਗਣ ਤੇ ਉਹ ੪ਾਮ ਨੂੰ ਸਿਖਿਆ ਬੋਰਡ ਪਹੁੰਚ ਗਏ ਸਨ ਅਤੇ ਇਸ ਦੌਰਾਨ ਬੋਰਡ ਦੇ ਚੇਅਰਮੈਨ ਵੀ ਉੱਥੇ ਪਹੁੰਚੇ ਸਨ। ਉਹਨਾਂ ਕਿਹਾ ਕਿ ਡੇਲੀਵੇਜ ਕਰਮਚਾਰੀਆਂ ਦੀਆਂ ਜਿੰਮੇਵਾਰੀਆਂ ਵੱਧ ਹੋਣ ਅਤੇ ਮਰਦ ਕਰਮਚਾਰੀਆਂ ਦੀ ਗਿਣਤੀ ਘੱਟ ਹੋਣ ਕਾਰਨ ਇਹ ਸਮੱਸਿਆ ਆਈ ਹੈ ਅਤੇ ਇਸਨੂੰ ਹਲ ਕਰ ਲਿਆ ਗਿਆ ਹੈ। ਇਸ ਮੌਕੇ ਉਹਨਾਂ ਪੰਜਾਬ ਸਕੂਲ ਸਿਖਿਆ ਬੋਰਡ ਦੇ ਪੱਕੇ ਅਤੇ ਠੇਕਾ ਕਰਮਚਾਰੀਆਂ ਵਲੋਂ ਪੂਰੀ ਰਾਤ ਕੰਮ ਕਰਨ ਤੇ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਖੁਦ ਰਾਤ 12 ਵਜੇ ਤਕ ਮੌਕੇ ਤੇ ਹਾਜਿਰ ਸਨ।






