ਮਾਣਯੋਗ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ, ਕੇਂਦਰੀ ਕੈਬਨਿਟ ਮੰਤਰੀ, ਜਲ ਸ਼ਕਤੀ ਮੰਤਰਾਲੇ ਵਲੋਂ ਅੱਜ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਦੇ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਦੁਆਰਾ ਲਿਖੀ ਗਈ ਪੁਸਤਕ ‘ਪਗਡੰਡੀਆਂ ਤੋਂ ਸ਼ਾਹਰਾਹ ਤੱਕ’ ਨੂੰ ਲੋਕ ਅਰਪਿਤ ਕੀਤਾ ਗਿਆ । ਇਸ ਮੌਕੇ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਇਸ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਿੱਖਣ ਦੀ ਕਿਰਿਆ ਮਨੁੱਖੀ ਜੀਵਨ ਦਾ ਬੁਨਿਆਦੀ ਆਧਾਰ ਹੈ । ਭਾਰਤਵਰਸ਼ ਵਿਚ ਗੁਰੂ-ਸ਼ਿਸ਼ ਪਰੰਪਰਾ, ਜਿਸ ਰਾਹੀਂ ਸਮਾਜ ਵਿਚ ਬੇਸ਼ਕੀਮਤੀ ਸੰਵਾਦ ਉਤਪੰਨ ਹੁੰਦਾ ਹੈ, ਉਸੇ ਪਰੰਪਰਾ ਨੂੰ ਅਧਾਰ ਬਣਾ ਕੇ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਵਲੋਂ ਜੀਵਨ ਦੇ ਡੂੰਘੇ ਰਹੱਸਾਂ ਤੇ ਬੁਨਿਆਦੀ ਕਦਰਾਂ ਕੀਮਤਾਂ ਪ੍ਰਤੀ ਮਨੁੱਖੀ ਸਮਝ ਨੂੰ ਬਿਹਤਰ ਬਣਾਉਣ ਦੇ ਮਕਸਦ ਨਾਲ ਇਹ ਕਿਤਾਬ ਲਿਖੀ ਗਈ ਹੈ ।
ਇਸ ਮੌਕੇ ਉੱਪਰ ਸੈਂਟਰਲ ਯੂਨੀਵਰਸਿਟੀ ਆਫ ਹਿਮਾਚਲ ਪ੍ਰਦੇਸ਼ ਦੇ ਚਾਂਸਲਰ ਪਦਮਸ਼੍ਰੀ ਡਾ. ਹਰਮੋਹਿੰਦਰ ਸਿੰਘ ਬੇਦੀ ਨੇ ਵਿਸ਼ੇਸ਼ ਤੌਰ ਉੱਪਰ ਇਹ ਕਿਹਾ ਕਿ ਇਸ ਪੁਸਤਕ ਵਿੱਚ ਅਜੌਕੀ ਪੀੜ੍ਹੀ ਨੂੰ ਜੀਵਨ ਵਿੱਚ ਉਸਾਰੂ ਤੇ ਸਾਰਥਕ ਸੋਚ ਨੂੰ ਅਪਣਾਉਣ, ਆਪਣੇ ਉਜਵਲ ਭਵਿੱਖ ਲਈ ਸੁਪਨੇ ਸਿਰਜਣ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਲਈ ਸਾਕਾਰਾਤਮਕ ਬਿਰਤੀ ਨੂੰ ਅਪਣਾਉਣ ਦੇ ਨਾਲ ਨਾਲ ਸੰਕਰੀਨ ਤੇ ਨਾਂਹ ਪੱਖੀ ਸੋਚ ਨੂੰ ਤਿਲਾਂਜਲੀ ਦੇਣ ਸਬੰਧੀ ਪ੍ਰੇਰਿਤ ਕਰੇਗੀ । ਉਨ੍ਹਾਂ ਨੇ ਇਸ ਦੀ ਤਰ੍ਹਾਂ ਦੀ ਕਿਤਾਬ ਨੂੰ ਵਰਤਮਾਨ ਸਮੇਂ ਦੀ ਇਕ ਅਹਿਮ ਲੋੜ ਦੱਸਿਆ ਹੈ। ਉਹਨਾਂ ਨੇ ਲੇਖਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡਾ. ਅਰਵਿੰਦਰ ਸਿੰਘ ਵੱਲੋਂ ਇਸ ਪੁਸਤਕ ਵਿਚ ਬਜ਼ੁਰਗ, ਦਾਨਿਸ਼ਵਰ, ਮੁਰਸ਼ਦ, ਮੁਰੀਦ, ਸ਼ਿਸ਼, ਗੁਰੂਦੇਵ, ਫ਼ਕੀਰ, ਜਗਿਆਸੂ, ਸਾਈਂ, ਕਰਮਯੋਗੀ ਜਿਹੇ ਪਾਤਰਾਂ ਰਾਹੀਂ ਜੀਵਨ ਦੀਆਂ ਤਲਖ਼ ਹਕੀਕਤਾਂ ਨਾਲ ਸਿੱਝਣ ਅਤੇ ਨਜਿੱਠਣ ਦੇ ਬੜੇ ਸੌਖੇ ਤੇ ਸਰਲ ਢੰਗ ਪੇਸ਼ ਕੀਤੇ ਗਏ ਹਨ ।
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਾਬਕਾ ਸੈਨਿਟਰ ਡਾ. ਸੁਭਾਸ਼ ਕੁਮਾਰ ਇਸ ਮੌਕੇ ਉੱਪਰ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ ਅਤੇ ਉਨ੍ਹਾਂ ਇਸ ਕਿਤਾਬ ਬਾਰੇ ਕਿਹਾ ਕਿ ਇਸ ਪੁਸਤਕ ਵਿਚ ਸ਼ਾਮਿਲ ਲਲਿਤ ਨਿਬੰਧਾਂ ਦੇ ਸਿਰਲੇਖ ਬੇਹੱਦ ਢੁੱਕਵੇਂ ਤੇ ਦਿਲਚਸਪ ਹਨ ਅਤੇ ਇਹਨਾਂ ਲਲਿਤ ਨਿਬੰਧਾਂ ਦੀ ਇਬਾਰਤ ਮਨੁੱਖ ਨੂੰ ਰਾਹਤ ਪ੍ਰਦਾਨ ਕਰਨ ਵਾਲੀ ਹੈ । ਉਹਨਾਂ ਨੇ ਦੱਸਿਆ ਕਿ ਇਹ ਸਾਰੇ ਹੀ ਲੇਖ ਇਨਸਾਨ ਨੂੰ ਦਰਪੇਸ਼ ਮੁਸ਼ਕਿਲਾਂ, ਤ੍ਰਾਸਦੀਆਂ, ਸਮੱਸਿਆਵਾਂ ਆਦਿ ਦੇ ਸਨਮੁੱਖ ਸੰਘਰਸ਼ ਕਰਨ ਨੂੰ ਤਰਜੀਹ ਦਿੰਦੇ ਹਨ ਤੇ ਮਨੁੱਖ ਅੰਦਰ ਹੌਸਲਾ, ਹਿੰਮਤ ਤੇ ਚੜਦੀ ਕਲਾ ਦੀ ਭਾਵਨਾ ਪੈਦਾ ਕਰਦੇ ਹਨ।
ਆਪਣੀ ਪੁਸਤਕ ਬਾਰੇ ਦੱਸਦਿਆਂ ਪਿ੍ੰੰਸੀਪਲ ਡਾ. ਅਰਵਿੰਦਰ ਸਿੰਘ ਨੇ ਇਸ ਗੱਲ ਦਾ ਵਿਸ਼ੇਸ਼ ਤੌਰ ਉੱਪਰ ਉਲੇਖ ਕੀਤਾ ਕਿ ਇਸ ਪੁਸਤਕ ਦਾ ਮੁੱਖਬੰਧ ਸੈਂਟਰਲ ਯੂਨੀਵਰਸਿਟੀ ਆਫ ਹਿਮਾਚਲ ਪ੍ਰਦੇਸ਼ ਦੇ ਚਾਂਸਲਰ ਪਦਮਸ਼੍ਰੀ ਡਾ. ਹਰਮੋਹਿੰਦਰ ਸਿੰਘ ਬੇਦੀ ਨੇ ਵਿਸ਼ੇਸ਼ ਤੌਰ ਉੱਪਰ ਲਿਖਿਆ ਹੈ। ਡਾ. ਅਰਵਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਇਹ ਪੁਸਤਕ ਮਨੁੱਖ ਅੰਦਰਲੀਆਂ ਬੁਰਾਈਆਂ ਦੀ ਨਿਸ਼ਾਨਦੇਹੀ ਕਰਕੇ ਨੈਤਿਕਤਾ ਜਾਂ ਆਦਰਸ਼ਵਾਦ ਨੂੰ ਹੁੰਗਾਰਾ ਦੇਣ ਦਾ ਉਪਰਾਲਾ ਕਰਦੀ ਹੈ। ਆਧੁਨਿਕ ਮਨੁੱਖ ਜੋ ਕਿ ਈਰਖਾ, ਹੰਕਾਰ, ਨਫ਼ਰਤ, ਸੌੜੀ ਸੋਚ, ਬਦਲਾਖੋਰੀ, ਪਸ਼ੂ-ਬਿਰਤੀ, ਡਰ, ਚਿੰਤਾ, ਅਸੁਰੱਖਿਆ, ਆਦਿ ਪ੍ਰਵਿਰਤੀਆਂ ਦੇ ਪ੍ਰਭਾਵ ਹੇਠ ਜਿਉਂਣ ਲਈ ਮਜਬੂਰ ਦਿਖਾਈ ਦੇ ਰਿਹਾ ਹੈ, ਉਹ ਇਖ਼ਲਾਕੀ ਕਦਰਾਂ ਕੀਮਤਾਂ ਨੂੰ ਅਮਲੀ ਜੀਵਨ ਵਿੱਚ ਅਪਣਾਉਣ ਦੀ ਬਜਾਏ ਬਦਕਿਸਮਤੀ ਨਾਲ ਆਪਣੇ ਵਿਵਹਾਰਿਕ ਜੀਵਨ ‘ਚੋਂ ਬਾਹਰ ਕੱਢ ਰਿਹਾ ਹੈ। ਸਿੱਟੇ ਵਜੋਂ ਉਸ ਦੀ ਜ਼ਿੰਦਗੀ ਵਿਚੋਂ ਸਹਿਜ, ਸੁਹਜ, ਸਬਰ, ਸੁਹਿਰਦਤਾ ਅਤੇ ਸੰਤੋਖ ਮਨਫੀ ਹੋ ਰਿਹਾ ਹੈ। ਉਨ੍ਹਾਂ ਇਸ ਪੁਸਤਕ ਨੂੰ ਲਿਖਣ ਵਿਚ ਸਹਿਯੋਗ ਅਤੇ ਮਾਰਗਦਰਸ਼ਨ ਦੇਣ ਲਈ ਡਾ. ਸ. ਪ. ਸਿੰਘ, ਸਾਬਕਾ ਉੱਪ ਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ, ਸਾਬਕਾ ਪ੍ਰੋ-ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦਾ ਵਿਸ਼ੇਸ਼ ਤੌਰ ਉੱਪਰ ਧੰਨਵਾਦ ਕੀਤਾ। ਇਥੇ ਇਹ ਗੱਲ ਵਿਸ਼ੇਸ਼ ਤੌਰ ਉਪਰ ਜ਼ਿਕਰਯੋਗ ਹੈ ਕਿ ਪਿ੍ੰੰਸੀਪਲ ਡਾ. ਅਰਵਿੰਦਰ ਸਿੰਘ ਆਪਣੀਆਂ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਨਾਲ ਨਾਲ ਖੋਜ ਕਾਰਜਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ । ਹੁਣ ਤੱਕ ਉਨ੍ਹਾਂ ਵੱਲੋਂ ਚੌਦਾਂ ਕਿਤਾਬਾਂ ਅਤੇ ਅੱਸੀਂ ਤੋਂ ਵੱਧ ਖੋਜ ਪਰਚੇ ਲਿਖੇ ਜਾਣ ਦੇ ਨਾਲ ਨਾਲ ਦੋ ਖੋਜ ਪ੍ਰਾਜੈਕਟ ਸਫਲਤਾਪੂਰਵਕ ਮੁਕੰਮਲ ਕੀਤੇ ਜਾ ਚੁੱਕੇ ਹਨ।
.jpg)






