ਕੋਟਕਪੂਰਾ ਗੋਲ਼ੀਕਾਂਡ ’ਚ ਬਾਦਲ ਪਰਿਵਾਰ ਦਾ ਨਾਂ ਆਉਣ ’ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ‘ਫ਼ਖ਼ਰ-ਏ-ਕੌਮ ਦਾ ਐਵਾਰਡ ਵਾਪਸ ਲਏ ਜਾਣ ਦੀ ਮੰਗ ਕਰਦਿਆਂ ਐੱਸਜੀਪੀਸੀ ਮੈਂਬਰ ਬਲਦੇਵ ਸਿੰਘ ਚੂੰਘਾ ਨੇ ਕਿਹਾ ਕਿ ਬੇਅਦਬੀ ਮਾਮਲੇ ਦੇ ਇਨਸਾਫ਼ ਲਈ ਨਾਮ ਜਪਦੀ ਸੰਗਤ ’ਤੇ ਗੋਲ਼ੀ ਚਲਾਉਣ ਦੇ ਮਾਮਲੇ ’ਚ ਬਾਦਲ ਪਿਓ-ਪੁੱਤ ਹੁਣ ਸਿੱਧੇ ਤੌਰ ’ਤੇ ਨਾਮਜਦ ਵੀ ਹੋ ਚੁੱਕੇ ਹਨ। ਇਸ ਕਰਕੇ ਪ੍ਰਕਾਸ਼ ਸਿੰਘ ਬਾਦਲ ਨੂੰ ਖ਼ੁਦ ਹੀ ਇਹ ਸਨਮਾਨ ਵਾਪਸ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਡੇਰਾ ਸਿਰਸਾ ਮੁਖੀ ਨੂੰ ਬਿਨਾਂ ਮੰਗਿਆਂ ਮਾਫ਼ੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਦਿਵਾਈ ਗਈ। ਐੱਸਜੀਪੀਸੀ ਤੋਂ ਗੁਰੂ ਦੀ ਗੋਲਕ ’ਚੋਂ 90 ਲੱਖ ਦੇ ਇਸ਼ਤਿਹਾਰ ਜਾਰੀ ਕਰਵਾਏ ਗਏ ਤੇ ਡੇਰਾ ਮੁਖੀ ਦੀ ਫ਼ਿਲਮ ਦੇ ਪੋਸਟਰਾਂ ਨੂੰ ਸੁਰੱਖਿਆ ਦਿੱਤੀ ਗਈ।
‘ਫ਼ਖ਼ਰ-ਏ-ਕੌਮ’ ਸਨਮਾਨ ਖ਼ੁਦ ਹੀ ਵਾਪਸ ਕਰ ਦੇਣ ਬਾਦਲ, ਨਹੀਂ ਤਾਂ ਲੋਕ ਲੈ ਲੈਣਗੇ
ਜਥੇਦਾਰ ਬਲਦੇਵ ਸਿੰਘ ਚੂੰਘਾ ਨੇ ਅੱਗੇ ਕਿਹਾ ਕਿ ਕੋਟਕਪੂਰਾ ਗੋਲ਼ੀਕਾਂਡ ਸਮੇਂ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਚੋਰੀ ਹੋਏ ਸਨ ਤਾਂ ਉਸ ਸਮੇਂ ਡੇਰਾ ਸਿਰਸਾ ਮੁਖੀ ਦੇ ਪੈਰੋਕਾਰਾਂ ਨੇ ਕਿਹਾ ਸੀ ਕਿ ਜੇਕਰ ਤੁਸੀਂ ਸਾਡੀ ਫ਼ਿਲਮ ਨਹੀਂ ਚੱਲਣ ਦਿਓਗੇ ਤਾਂ ਅਸੀਂ ਤੁਹਾਡੇ ਗੁਰੂ ਦੇ ਅੰਗ ਖਿਲਾਰ ਦੇਵਾਂਗੇ। ਉਨ੍ਹਾਂ ਉਸ ਸਮੇਂ ਗੁਰਸਿੱਖਾਂ ਦਾ ਮੂੰਹ ਚਿੜ੍ਹਾਇਆ ਸੀ। ਉਸ ਤੋਂ ਕੁਝ ਸਮੇਂ ਬਾਅਦ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 150 ਦੇ ਕਰੀਬ ਅੰਗ ਪਾੜਕੇ ਰੂੜੀਆਂ ਤੇ ਨਾਲੀਆਂ ’ਚ ਖ਼ਿਲਾਰ ਦਿੱਤੇ, ਪਰ ਬਾਦਲਾਂ ਨੇ ਉਨ੍ਹਾਂ ਨੂੰ ਫੜ੍ਹਨ ਦੀ ਬਜਾਏ ਉਸ ਸਮੇਂ ਧਰਨੇ ’ਤੇ ਬੈਠੇ ਲੋਕਾਂ ’ਤੇ ਜੁਲਮ\ਤਸ਼ਦਦ ਕੀਤਾ। ਚੂੰਘਾ ਨੇ ਐੱਲ.ਕੇ ਯਾਦਵ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਸੱਚਾਈ ਨੂੰ ਦਰਜ ਕਰਕੇ ਪੰਜਾਬ ਦੇ ਉਸ ਸਮੇਂ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ, ਡੀਜੀਪੀ ਸੁਮੇਧ ਸੈਣੀ, ਐੱਸਐੱਸਪੀ ਤੇ ਉਸ ਸਮੇਂ ਦੇ ਮੁੱਖ ਅਫ਼ਸਰ ਨੂੰ ਇਸ ਮਾਮਲੇ ’ਚ ਨਾਮਜਦ ਕੀਤਾ। ਉਨ੍ਹਾਂ ਅਕਾਲ ਤਖ਼ਤ ਸਾਹਿਬ ਤੋਂ ਅਪੀਲ ਕੀਤੀ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ‘ਫ਼ਖ਼ਰ-ਏ-ਕੌਮ ਦਾ ਸਨਮਾਨ ਵਾਪਸ ਲਿਆ ਜਾਵੇ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਇਕ ਦਿਨ ਅਜਿਹਾ ਸਮਾਂ ਆਵੇਗਾ ਕਿ ਲੋਕ ਇੰਨ੍ਹਾਂ ਤੋਂ ਖ਼ੁਦ-ਬ-ਖ਼ੁਦ ਇਹ ਸਨਮਾਨ ਵਾਪਸ ਲੈਣਗੇ।






