ਪਿੰਡ ਸ਼ਾਮ ਖੇੜਾ ’ਚ ਕਰਜ਼ੇ ਤੋਂ ਤੰਗ ਇਕ ਵਿਅਕਤੀ ਨੇ ਜ਼ਹਿਰਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਆਪਣੇ ਪਿੱਛੇ ਪਤਨੀ, ਇਕ ਮੰਦਬੁੱਧੀ ਲੜਕਾ ਤੇ ਇਕ ਲੜਕੀ ਨੂੰ ਛੱਡ ਗਿਆ ਹੈ। ਓਧਰ ਥਾਣਾ ਕਬਰਵਾਲਾ ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਤੇ 174 ਦੀ ਕਰਵਾਈ ਅਮਲ ’ਚ ਲਿਆਂਦੀ ਗਈ ਹੈ।
ਇਕੱਤਰ ਜਾਣਕਾਰੀ ਅਨੁਸਾਰ, ਮ੍ਰਿਤਕ ਗੁਲਾਬ ਸਿੰਘ (40) ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਸ਼ਾਮ ਖੇੜਾ ਕੋਲ ਮਹਿਜ ਡੇਢ ਏਕੜ ਜ਼ਮੀਨ ਸੀ। ਉਸਦਾ ਇਕ ਬੇਟਾ ਮੰਦਬੁੱਧੀ ਸੀ ਜਿਸਦਾ ਇਲਾਜ ਚੱਲ ਰਿਹਾ ਸੀ। ਇਲਾਜ ਤੇ ਕਾਫ਼ੀ ਖਰਚ ਹੋਣ ਕਾਰਨ ਉਸਦੇ ਸਿਰ ਦੋ-ਤਿੰਨ ਬੈਂਕਾਂ ਤੇ ਫਾਂਇਨਾਸ ਕੰਪਨੀ ਦਾ ਕਰਜ਼ਾ ਚੜ੍ਹ ਗਿਆ ਸੀ। ਆਪਣੇ ਮੰਦਬੁੱਧੀ ਬੇਟੇ ਤੇ ਸਿਰ ਚੜ੍ਹੇ ਕਰਜ਼ੇ ਕਰਕੇ ਕਿਸਾਨ ਗੁਲਾਬ ਸਿੰਘ ਕਾਫੀ ਪਰੇਸ਼ਾਨ ਰਹਿੰਦਾ ਸੀ। ਇਸੇ ਪਰੇਸ਼ਾਨੀ ਕਾਰਨ ਉਸਨੇ ਬੀਤੇ ਮੰਗਲਵਾਰ ਨੂੰ ਘਰ ’ਚ ਹੀ ਆਪਣੇ ਘਰ ’ਚ ਪਈ ਸਪਰੇਅ ਪੀ ਲਈ। ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਣ ’ਤੇ ਉਸਨੂੰ ਨੇੜੇ ਦੇ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਜਿੱਥੋਂ ਗੰਭੀਰ ਹਾਲਤ ਦੇ ਚਲਦਿਆਂ ਡਾਕਟਰਾਂ ਵੱਲੋਂ ਉਸਨੂੰ ਰੈਫਰ ਕਰ ਦਿੱਤਾ ਗਿਆ ਪਰ ਰਸਤੇ ’ਚ ਹੀ ਉਸਦੀ ਮੌਤ ਹੋ ਗਈ। ਪਿੰਡ ਦੇ ਸਰਪੰਚ ਅਤੇ ਹੋਰਨਾਂ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਕਰਜ਼ੇ ਅਤੇ ਆਪਣੇ ਮੰਦਬੁੱਧੀ ਬੇਟੇ ਕਰਕੇ ਕਾਫੀ ਪਰੇਸ਼ਾਨ ਰਹਿੰਦਾ ਸੀ ਤੇ ਇਸੇ ਪਰੇਸ਼ਾਨੀ ਕਰਕੇ ਉਸਨੇ ਦਵਾਈ ਪੀ ਲਈ। ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਉਸਦੇ ਸਿਰ ਚੜਿਆ ਕਰਜ਼ਾ ਮਾਫ ਕੀਤਾ ਜਾਵੇ ਤਾਂ ਜੋ ਪਿੱਛੇ ਪਰਿਵਾਰ ਆਪਣਾ ਗੁਜ਼ਾਰਾ ਕਰ ਸਕੇ।
ਦੂਜੇ ਪਾਸੇ ਥਾਣਾ ਕਬਰਵਾਲਾ ਦੇ ਏਐਸਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਕੱਲ ਸ਼ਾਮ ਨੂੰ ਪਿੰਡ ਸ਼ਾਮ ਖੇੜਾ ਦੇ ਗੁਲਾਬ ਸਿੰਘ ਨੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਸੀ। ਮ੍ਰਿਤਕ ਦੀ ਪਤਨੀ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਕੋਲ ਡੇਢ ਏਕੜ ਜ਼ਮੀਨ ਸੀ ਜਿਸਦਾ ਪੁੱਤਰ ਦਾ ਕਿਸੇ ਬਿਮਾਰੀ ਦਾ ਇਲਾਜ ਚੱਲ ਰਿਹਾ। ਇਲਾਜ ਕਰਕੇ ਉਸ ਸਿਰ ਕਰਜ ਸੀ ਅਤੇ ਕਰਜ਼ ਕਰਕੇ ਪ੍ਰੇਸ਼ਾਨ ਚੱਲ ਰਿਹਾ ਸੀ। ਪੁਲਿਸ ਵਲੋਂ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।






