ਅਮਰੀਕਾ ਵਿਚ ਕਨੈਕਟੀਕਟ ਸਟੇਟ ਬੋਰਡ ਆਫ ਐਜੂਕੇਸ਼ਨ ਨੇ ਸਮਾਜਿਕ ਵਿਗਿਆਨ ਦੇ ਨਵੇਂ ਸਿਲੇਬਲ ਵਿਚ ਸਿੱਖ ਧਰਮ ਨੂੰ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਪਹਿਲ ਨਾਲ ਕਨੈਕਟੀਕਟ ਦੇ ਪੰਜ ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਸਿੱਖ ਭਾਈਚਾਰੇ ਬਾਰੇ ਜਾਨਣ ਦਾ ਮੌਕਾ ਮਿਲੇਗਾ।
ਸਿੱਖ ਭਾਈਚਾਰਾ ਲੰਬੇ ਸਮੇਂ ਤੋਂ ਆਪਣੇ ਧਰਮ ਨੂੰ ਸਿਲੇਬਸ ਵਿਚ ਸ਼ਾਮਲ ਕਰਨ ਦੀ ਮੰਗ ਕਰ ਰਿਹਾ ਸੀ। ਸਮਾਜ ਵਿਗਿਆਨ ਦੇ ਸਿਲੇਬਸ ਵਿਚ ਸਿੱਖ ਧਰਮ ਨੂੰ ਸ਼ਾਮਲ ਕਰਨ ਵਾਲਾ ਕਨੈਕਟੀਕਟ ਅਮਰੀਕਾ ਦਾ 18ਵਾਂ ਸੂਬਾ ਬਣ ਗਿਆ ਹੈ। ਇਸ ਲਈ ਬੋਰਡ ਨੇ ‘ਸਿੱਖ ਕੋਲੀਸ਼ਨ’ ਦੇ ਨਾਲ ਹੱਥ ਮਿਲਾਇਆ ਹੈ। ਸਿੱਖ ਕੋਲੀਸ਼ਨ ਨੇ ਕਿਹਾ ਕਿ ਕਨੈਕਟੀਕਟ ਵਿਚ ਨਵੇਂ ਸਿਲੇਬਸ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਅਗਲੇ ਸਾਲ ਤੋਂ ਸ਼ੁਰੂ ਹੋਵੇਗੀ। ਸਿੱਖ ਭਾਈਚਾਰੇ ਦੇ ਲੋਕਾਂ ਨੇ ਨਾਗਰਿਕ ਅਧਿਕਾਰਾਂ, ਸਿਆਸਤ, ਖੇਤੀਬਾੜੀ, ਇੰਜੀਨੀਅਰਿੰਗ ਤੇ ਮੈਡੀਕਲ ਦੇ ਖੇਤਰ ਵਿਚ 125 ਸਾਲਾਂ ਤੋਂ ਵੱਧ ਸਮੇਂ ਤੱਕ ਅਮਰੀਕੀ ਸਮਾਜ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਇਸ ਤੋਂ ਪਹਿਲਾਂ ਜੂਨ ਵਿਚ ਵਾਸ਼ਿੰਗਟਨ ਨੇ ਸਿੱਖ ਧਰਮ ਨੂੰ ਸਕੂਲੀ ਸਿਲੇਬਸ ਵਿਚ ਸ਼ਾਮਲ ਕੀਤਾ ਸੀ।






