ਦੇਰ ਰਾਤ ਥਾਣਾ ਮਕਸੂਦਾ ਅਧੀਨ ਆਉਂਦੇ ਜਲੰਧਰ ਅੰਮਿ੍ਤਸਰ ਮਾਰਗ ‘ਤੇ ਬਿਧੀਪੁਰ ਨੇੜੇ ਈ ਰਿਕਸ਼ਾ ਤੇ ਕਾਰ ਵਿਚਾਲੇ ਹੋਈ ਟੱਕਰ ‘ਚ ਦੋ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖਮੀ ਹੋ ਗਏ। ਟੱਕਰ ਇੰਨੀ ਭਿਆਨਕ ਸੀ ਕਿ ਈ ਰਿਕਸ਼ਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਨੁਕਸਾਨੀ ਕਾਰ ਚਾਲਕ ਕਾਰ ਮੌਕੇ ਤੋਂ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਈ ਰਿਕਸ਼ਾ ‘ਚ ਸਵਾਰ ਚਾਰ ਵਿਅਕਤੀਆਂ ਵਿੱਚੋਂ ਦੋ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਿ੍ਤਕਾਂ ਦੀ ਪਛਾਣ ਪਰਮਜੀਤ ਸਿੰਘ ਵਾਸੀ ਬਿਧੀਪੁਰ ਤੇ ਪੰਕਜ ਵਾਸੀ ਮੁਸਲਿਮ ਕਾਲੋਨੀ ਵਜੋਂ ਹੋਈ ਹੈ। ਜ਼ਖ਼ਮੀਆਂ ਦੀ ਪਛਾਣ ਹੈਪੀ ਵਾਸੀ ਨੂਰਪੁਰ ਕਾਲੋਨੀ ਤੇ ਗੋਵਿੰਦਾ ਵਜੋਂ ਹੋਈ ਹੈ। ਥਾਣਾ ਮਕਸੂਦਾਂ ਦੇ ਥਾਣੇਦਾਰ ਜਤਿੰਦਰ ਕੁਮਾਰ ਨੇ ਦੱਸਿਆ ਮਿ੍ਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਸੂਚਨਾ ਮਿਲਦਿਆਂ ਹੀ ਪਰਮਜੀਤ ਦੇ ਪਰਿਵਾਰਕ ਮੈਂਬਰਾਂ ਨੂੰ ਹਸਪਤਾਲ ਪੁੱਜ ਕੇ ਪਤਾ ਲੱਗਾ ਕਿ ਉਸ ਦੀ ਮੌਤ ਹੋ ਚੁੱਕੀ ਹੈ। ਮੌਕੇ ‘ਤੇ ਪੁੱਜੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਜਦੋਂ ਉਹ ਹਾਦਸੇ ਵਾਲੀ ਥਾਂ ‘ਤੇ ਪੁੱਜੇ ਤਾਂ ਕਾਰ ਚਾਲਕ ਫ਼ਰਾਰ ਹੋ ਚੁੱਕਾ ਸੀ। ਕਾਰ ਦੇ ਨੰਬਰ ਤੋਂ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।






