ਬੀਤੀ ਰਾਤ ਹਲਕਾ ਦਸੂਹਾ ਦੇ ਪਿੰਡ ਉਸਮਾਨ ਸ਼ਹੀਦ ਦੇ ਇਕ ਨੌਜਵਾਨ ਦੀ ਪੁਰਤਗਾਲ ਵਿਖੇ ਵਾਪਰੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਤਜਿੰਦਰ ਸਿੰਘ ਤੇਜੀ ਉਮਰ ਕਰੀਬ 26 ਸਾਲ ਪੁੱਤਰ ਭਗਵੰਤ ਸਿੰਘ ਵਜੋਂ ਹੋਈ ਹੈ।
ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਤਜਿੰਦਰ ਸਿੰਘ ਕਰੀਬ 15 ਮਹੀਨੇ ਪਹਿਲੇ ਰੁਜ਼ਗਾਰ ਲਈ ਤਜਿੰਦਰ ਸਿੰਘ ਪੁਰਤਗਾਲ ਗਿਆ ਸੀ। ਬੀਤੀ ਰਾਤ ਉਸ ਦੀ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਜਿਸ ਦੀ ਜਾਣਕਾਰੀ ਉਨ੍ਹਾਂ ਨੂੰ ਪੁਰਤਗਾਲ ਤੋਂ ਆਏ ਫੋਨ ਜ਼ਰੀਏ ਮਿਲੀ। ਤਜਿੰਦਰ ਸਿੰਘ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਹੈ ਤੇ ਪਰਿਵਾਰ ਸਦਮੇ ‘ਚ ਹੈ। ਇਸ ਦੁਖਾਂਤ ਤੋਂ ਬਾਅਦ ਵਿਧਾਇਕ ਕਰਮਵੀਰ ਸਿੰਘ ਘੁੰਮਣ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਹਲਕਾ ਇੰਚਾਰਜ ਉੜਮੁੜ ਮਨਜੀਤ ਸਿੰਘ ਦਸੂਹਾ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਵਿੰਦਰ ਸਿੰਘ ਮੂਨਕ ਅਤੇ ਯੁਵਕ ਸੇਵਾਵਾਂ ਕਲੱਬ ਦੀ ਸਮੂਹ ਟੀਮ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਪਰਿਵਾਰ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਨੌਜਵਾਨ ਤਜਿੰਦਰ ਸਿੰਘ ਤੇਜੀ ਦੀ ਮ੍ਰਿਤਕ ਦੇਹ ਨੂੰ ਭਾਰਤ ਮੰਗਵਾਉਣ ਲਈ ਮਦਦ ਦੀ ਅਪੀਲ ਕੀਤੀ ਹੈ।






