ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਦੋਆਬੇ ਦੇ ਇਕਲੌਤੇ ਸਿਵਲ ਹਵਾਈ ਅੱਡੇ ਆਦਮਪੁਰ ਦੇ ਨਵੇਂ ਟਰਮੀਨਲ ਦਾ ਵਰਚੂਅਲ ਉਦਘਾਟਨ ਕੀਤਾ। ਉਨ੍ਹਾਂ ਆਜ਼ਮਗੜ੍ਹ ਤੋਂ ਦੇਸ਼ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਆਦਮਪੁਰ ਸਿਵਲ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕਰਨ ਲਈ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਸੰਸਦ ਮੈਂਬਰ ਅਸ਼ੋਕ ਮਿੱਤਲ, ਸੰਸਦ ਮੈਂਬਰ ਬਲਬੀਰ ਸਿੰਘ ਸੀਚੇਵਾਲ ਤੇ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਪੁੱਜੇ। ਇਸ ਤੋਂ ਇਲਾਵਾ ਸਾਬਕਾ ਸੀਪੀਐਸ ਕੇਡੀ ਭੰਡਾਰੀ, ਸਾਬਕਾ ਮੇਅਰ ਰਾਕੇਸ਼ ਰਾਠੌਰ, ਵਿਪਨ ਪੱਬੀ, ਰਾਜੇਸ਼ ਬਾਘਾ ਅਤੇ ਹੋਰ ਸਾਰੇ ਭਾਜਪਾ ਆਗੂ ਮੌਜੂਦ ਸਨ। ਇਸ ਮੌਕੇ ਪੰਜਾਬ ਸਰਕਾਰ ਦਾ ਕੋਈ ਵੀ ਵਿਧਾਇਕ ਜਾਂ ਕੈਬਨਿਟ ਮੰਤਰੀ ਉਦਘਾਟਨ ਸਮਾਰੋਹ ‘ਚ ਨਹੀਂ ਪਹੁੰਚਿਆ। ਜਲੰਧਰ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਵੀ ਨਹੀਂ ਆਏ।
ਇਸ ਮੌਕੇ ਸੰਸਦ ਮੈਂਬਰ ਅਸ਼ੋਕ ਮਿੱਤਲ ਨੇ ਕਿਹਾ ਕਿ ਹਵਾਈ ਅੱਡੇ ਨੂੰ ਜੋੜਨ ਵਾਲੀ ਸੜਕ ਬਣਾਈ ਜਾਵੇ, ਹਵਾਈ ਅੱਡੇ ਦਾ ਨਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਂ ‘ਤੇ ਰੱਖਿਆ ਜਾਵੇ ਤੇ ਫਲਾਈਟਾਂ ਜਲਦੀ ਸ਼ੁਰੂ ਕੀਤੀਆਂ ਜਾਣ।
ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਉਹ ‘ਆਪ’ ਦੇ ਸੰਸਦ ਮੈਂਬਰਾਂ ਅਸ਼ੋਕ ਮਿੱਤਲ ਤੇ ਬਲਬੀਰ ਸਿੰਘ ਸੀਚੇਵਾਲ ਨੂੰ ਅਪੀਲ ਕਰਦੇ ਹਨ ਕਿ ਉਹ ਮੁੱਖ ਮੰਤਰੀ ਨੂੰ ਗੁਜ਼ਾਰਿਸ਼ ਕਰਨ ਤਾਂ ਜੋ ਆਦਮਪੁਰ ਹਵਾਈ ਅੱਡੇ ਨੂੰ ਕੁਨੈਕਟ ਕਰਨ ਵਾਲੀ ਸੜਕ ਦਾ ਨਿਰਮਾਣ ਜਲਦ ਕੀਤਾ ਜਾ ਸਕੇ। ਸੋਮਪ੍ਰਕਾਸ਼ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ‘ਚ ਦਿੱਤੀਆਂ ਜਾ ਰਹੀਆਂ ਸਹੂਲਤਾਂ, ਨਵੇਂ ਰੇਲਵੇ ਸਟੇਸ਼ਨ ਤੇ ਰੇਲ ਗੱਡੀਆਂ ਸ਼ੁਰੂ ਕਰਨ ਦਾ ਜ਼ਿਕਰ ਕੀਤਾ।
ਜ਼ਿਕਯੋਗ ਹੈ ਕਿ ਹਵਾਈ ਅੱਡੇ ਦੀ ਨਵੀਂ ਟਰਮੀਨਲ ਬਿਲਡਿੰਗ ਦਾ ਵਰਚੁਅਲ ਨੀਂਹ ਪੱਥਰ ਤਤਕਾਲੀ ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੇ 7 ਮਾਰਚ, 2019 ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਰੱਖਿਆ ਸੀ। ਇਸ ਮੌਕੇ ਤਤਕਾਲੀ ਕੇਂਦਰੀ ਮੰਤਰੀ ਵਿਜੇ ਸਾਂਪਲਾ ਵੀ ਮੌਜੂਦ ਸਨ। ਹਾਲਾਂਕਿ ਮੇਕ ਸ਼ਿਫਟ ਵਿਵਸਥਾ ਤਹਿਤ ਬਣਾਏ ਗਏ 75 ਯਾਤਰੀਆਂ ਦੀ ਸਮਰੱਥਾ ਵਾਲੇ ਪੈਸੇਂਜਰ ਟਰਮਿਨਲ ਤੋਂ ਪਹਿਲੀ ਮਈ, 2018 ਨੂੰ ਆਦਮਪੁਰ ਨਵੀਂ ਦਿੱਲੀ ਸੈਕਟਰ ਦੀ ਫਲਾਈਟ ਸ਼ੁਰੂ ਕੀਤੀ ਗਈ ਸੀ। ਹਾਲਾਂਕਿ ਬਾਅਦ ’ਚ ਆਦਮਪੁਰ ਤੋਂ ਮੁੰਬਈ ਤੇ ਜੈਪੁਰ ਲਈ ਉਡਾਣਾਂ ਵੀ ਸ਼ੁਰੂ ਕੀਤੀਆਂ ਗਈਆਂ ਸਨ ਪਰ ਕੋਰੋਨਾ ਦੇ ਦੌਰ ਤੋਂ ਬਾਅਦ ਤਿੰਨੇ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟਰਮੀਨਲ ਦੀ ਇਮਾਰਤ ਦਾ ਉਦਘਾਟਨ ਤਾਂ ਕਰ ਦੇਣਗੇ ਪਰ ਫਿਲਹਾਲ ਇੱਥੋਂ ਹਵਾਈ ਸੇਵਾਵਾਂ ਸ਼ੁਰੂ ਨਹੀਂ ਹੋਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਉਦਘਾਟਨ ਤੋਂ ਤੁਰੰਤ ਬਾਅਦ ਹਵਾਈ ਸੇਵਾ ਸ਼ੁਰੂ ਹੋ ਜਾਵੇਗੀ।
40 ਏਕੜ ‘ਚ ਫੈਲਿਆ ਹੈ ਆਦਮਪੁਰ ਸਿਵਲ ਏਅਰਪੋਰਟ ਕੰਪਲੈਕਸ

ਜ਼ਿਕਰਯੋਗ ਹੈ ਕਿ ਆਦਮਪੁਰ ਸਿਵਲ ਏਅਰਪੋਰਟ ਕੰਪਲੈਕਸ ਲਗਭਗ 40 ਏਕੜ ’ਚ ਫੈਲਿਆ ਹੋਇਆ ਹੈ। ਨਵਾਂ ਟਰਮੀਨਲ 6000 ਵਰਗ ਫੁੱਟ ’ਚ ਬਣਾਇਆ ਗਿਆ ਹੈ। ਨਵੇਂ ਟਰਮੀਨਲ ਤੋਂ ਇਕੋ ਸਮੇਂ ਦੋ ਏ-320 ਏਅਰਬੱਸ ਜਾਂ ਬੋਇੰਗ 737 ਕਿਸਮ ਦੇ ਜਹਾਜ਼ਾਂ ਨੂੰ ਚਲਾਉਣਾ ਸੰਭਵ ਹੋਵੇਗਾ। ਜੇ ਪੁਸ਼ਬੈਕ ਟੈਕਨਾਲੋਜੀ ਉਪਲੱਬਧ ਕਰਾਈ ਜਾਵੇ ਤਾਂ ਇਕੋ ਸਮੇਂ ਤਿੰਨ ਜਹਾਜ਼ ਵੀ ਚਲਾਏ ਜਾ ਸਕਦੇ ਹਨ। ਟਰਮੀਨਲ ’ਤੇ ਇਕੋ ਸਮੇਂ 300 ਯਾਤਰੀਆਂ ਦੇ ਆਉਣ-ਜਾਣ ਦੀ ਸਹੂਲਤ ਹੈ ਤੇ ਲਗਪਗ 150 ਵੱਡੇ ਵਾਹਨਾਂ ਲਈ ਪਾਰਕਿੰਗ ਦੀ ਸਹੂਲਤ ਵੀ ਦਿੱਤੀ ਗਈ ਹੈ। ਯਾਤਰੀਆਂ ਦੇ ਸਾਮਾਨ ਲਈ ਕਨਵੇਅਰ ਬੈਲਟ ਦਿੱਤੀ ਗਈ ਹੈ। ਟਰਮੀਨਲ ਦੇ ਅੰਦਰ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਪੇਂਟਿੰਗਾਂ ਲਾਈਆਂ ਗਈਆਂ ਹਨ। ਸੁੰਦਰ ਲਾਅਨ ਵੀ ਬਣਾਏ ਗਏ ਹਨ।






