ਦੋ ਸਾਲ ਪਹਿਲਾਂ ਮੈਨੀਟੋਬਾ ’ਚ ਅਮਰੀਕਾ-ਕੈਨੇਡਾ ਸਰਹੱਦ ’ਤੇ ਇਕ ਭਾਰਤੀ ਪਰਵਾਸੀ ਪਰਿਵਾਰ ਦੀ ਮੌਤ ਦੇ ਮਾਮਲੇ ’ਚ ਅਮਰੀਕੀ ਸੰਘੀ ਵਕੀਲਾਂ ਨੇ ਦੋ ਲੋਕਾਂ ਨੂੰ ਮੁਲਜ਼ਮ ਬਣਾਇਆ ਹੈ। ਫਲੋਰਿਡਾ ਦੇ ਸਟੀਵ ਸ਼ੈਂਡ ਤੇ ਇਕ ਭਾਰਤੀ ਹਰਸ਼ ਕੁਮਾਰ ਰਮਨ ਲਾਲ ਪਟੇਲ ਨੂੰ ਮੁਲਜ਼ਮ ਬਣਾਇਆ ਗਿਆ ਹੈ। ਜਨਵਰੀ 2022 ’ਚ ਜਗਦੀਸ਼ ਪਟੇਲ (39), ਉਨ੍ਹਾਂ ਦੀ ਪਤਨੀ ਵੈਸ਼ਾਲੀ (37), ਬੇਟੀ ਵਿਹਾਂਗੀ (11) ਤੇ ਬੇਟੇ ਧਾਰਮਿਕ (3) ਦੀਆਂ ਲਾਸ਼ਾਂ ਕੈਨੇਡਾ ’ਚ ਅਮਰੀਕੀ ਸਰਹੱਦ ਤੋਂ ਸਿਰਫ਼ ਕੁਝ ਮੀਟਰ ਦੀ ਦੂਰੀ ’ਤੇ ਮਿਲੀਆਂ ਸਨ। ਮਨਫ਼ੀ 35 ਡਿਗਰੀ ਸੈਲਸੀਅਸ ਦੇ ਤਾਪਮਾਨ ’ਚ ਉਨ੍ਹਾਂ ਨੇ ਦਮ ਤੋੜ ਦਿੱਤਾ ਸੀ।
ਸ਼ਿਕਾਗੋ ਦੇ ਓ ਹੇਅਰ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਟੇਲ ਨੂੰ ਹਾਲੀਆ ਗਿ੍ਰਫ਼ਤਾਰ ਕੀਤਾ ਗਿਆ ਸੀ। ਪਟੇਲ ਨੇ ਕਥਿਤ ਤੌਰ ’ਤੇ ਅਮਰੀਕਾ ’ਚ ਸਰਹੱਦ ਪਾਰ ਕਰਨ ਵਾਲੇ ਪਰਵਾਸੀਆਂ ਨੂੰ ਆਪਣੇ ਟਿਕਾਣੇ ਤੱਕ ਪਹੁੰਚਾਉਣ ’ਚ ਸ਼ੈਂਡ ਦੀ ਮਦਦ ਲਈ ਸੀ। ਜਾਂਚਕਰਤਾਵਾਂ ਦਾ ਦਾਅਵਾ ਹੈ ਕਿ ਪਟੇਲ ਨੇ ਵਿਅਕਤੀਆਂ ਨਾਲ ਸਬੰਧਤ ਜਾਣਕਾਰੀ ਸਮੇਤ ਮੁਲਾਕਾਤ ਪੁਆਇੰਟ ਨੂੰ ਲੈ ਕੇ ਸੰਦੇਸ਼ ਸ਼ੈਂਡ ਨੂੰ ਭੇਜੇ ਸਨ। ਇਹ ਵੀ ਯਕੀਨੀ ਬਣਾਉਣ ਦੀ ਗੱਲ ਕਹੀ ਗਈ ਸੀ ਕਿ ਹਰ ਕੋਈ ਬਰਫ਼ੀਲੇ ਤੂਫਾਨ ਤੋਂ ਬਚਣ ਲਈ ਤਿਆਰ ਰਹੇ।






