ਐੱਨਫੋਰਸਮੈਂਟ ਡਾਇਰੈਕਟੋਰੇਟ ( ED) ਨੇ ਸ਼ੁੱਕਰਵਾਰ ਨੂੰ ਹਰਿਆਣਾ ਸਥਿਤ ਅਲ ਫਲਾਹ ਯੂਨੀਵਰਸਿਟੀ ਦੀ ਲਗਭਗ 140 ਕਰੋੜ ਰੁਪਏ ਦੀ ਜਾਇਦਾਦ ਕੁਰਕ ਕਰ ਲਈ ਹੈ। ਇਹ ਕਾਰਵਾਈ 10 ਨਵੰਬਰ ਨੂੰ ਦਿੱਲੀ ਦੇ ਲਾਲ ਕਿਲ੍ਹਾ ਇਲਾਕੇ ਵਿੱਚ ਹੋਏ ਧਮਾਕੇ ਤੋਂ ਬਾਅਦ ਸ਼ੁਰੂ ਹੋਈ ਜਾਂਚ ਦੇ ਸਿਲਸਿਲੇ ਵਿੱਚ ਕੀਤੀ ਗਈ ਹੈ।
ਈ.ਡੀ. ਨੇ ਫਰੀਦਾਬਾਦ ਦੇ ਧੌਜ ਇਲਾਕੇ ਵਿੱਚ ਸਥਿਤ ਯੂਨੀਵਰਸਿਟੀ ਦੀ 54 ਏਕੜ ਜ਼ਮੀਨ, ਇਮਾਰਤਾਂ ਅਤੇ ਹੋਸਟਲਾਂ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਤਹਿਤ ਜ਼ਬਤ ਕੀਤਾ ਹੈ। ਇਸ ਦੇ ਨਾਲ ਹੀ ਅਲ ਫਲਾਹ ਗਰੁੱਪ ਦੇ ਚੇਅਰਮੈਨ ਜਵਾਦ ਅਹਿਮਦ ਸਿੱਦੀਕੀ ਅਤੇ ਉਨ੍ਹਾਂ ਦੇ ਟਰੱਸਟ ਵਿਰੁੱਧ ਅਦਾਲਤ ਵਿੱਚ ਚਾਰਜਸ਼ੀਟ ਵੀ ਦਾਖ਼ਲ ਕਰ ਦਿੱਤੀ ਗਈ ਹੈ। ਸਿੱਦੀਕੀ ਨੂੰ ਪਹਿਲਾਂ ਹੀ ਵਿਦਿਆਰਥੀਆਂ ਨਾਲ ਧੋਖਾਧੜੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਜਾਂਚ ਏਜੰਸੀ ਦਾ ਦਾਅਵਾ ਹੈ ਕਿ ਸਿੱਦੀਕੀ ਦੇ ਨਿਰਦੇਸ਼ਾਂ ਹੇਠ ਯੂਨੀਵਰਸਿਟੀ ਅਤੇ ਟਰੱਸਟ ਨੇ ਮਾਨਤਾ ਪ੍ਰਾਪਤ ਹੋਣ ਦੇ ਝੂਠੇ ਦਾਅਵੇ ਕਰਕੇ ਵਿਦਿਆਰਥੀਆਂ ਅਤੇ ਮਾਪਿਆਂ ਤੋਂ ਲਗਭਗ 415.10 ਕਰੋੜ ਰੁਪਏ ਇਕੱਠੇ ਕੀਤੇ ਸਨ, ਜਿਸ ਨੂੰ ਈ.ਡੀ. ਨੇ ‘ਅਪਰਾਧ ਦੀ ਕਮਾਈ’ ਕਰਾਰ ਦਿੱਤਾ ਹੈ।
ਯੂਨੀਵਰਸਿਟੀ ਦਾ ਨਾਂ ਉਸ ਸਮੇਂ ਚਰਚਾ ਵਿੱਚ ਆਇਆ ਜਦੋਂ ਕੌਮੀਂ ਜਾਂਚ ਏਜੰਸੀ (NIA) ਵੱਲੋਂ ਇੱਕ ਅਤਿਵਾਦੀ ਮਾਡਿਊਲ ਦੀ ਜਾਂਚ ਦੌਰਾਨ ਇੱਥੋਂ ਦੇ ਇੱਕ ਡਾਕਟਰ, ਉਮਰ-ਉਨ-ਨਬੀ ਦਾ ਨਾਂ ਸਾਹਮਣੇ ਆਇਆ।
ਇਲਜ਼ਾਮ ਹੈ ਕਿ ਉਹੀ ਡਾਕਟਰ 10 ਨਵੰਬਰ ਨੂੰ ਲਾਲ ਕਿਲ੍ਹੇ ਦੇ ਬਾਹਰ ਹੋਏ ਆਤਮਘਾਤੀ ਕਾਰ ਧਮਾਕੇ ਵਿੱਚ ਸ਼ਾਮਲ ਸੀ। ਹਾਲਾਂਕਿ, ਏਜੰਸੀ ਨੇ ਭਰੋਸਾ ਦਿੱਤਾ ਹੈ ਕਿ ਜਾਇਦਾਦ ਕੁਰਕ ਹੋਣ ਦੇ ਬਾਵਜੂਦ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਪ੍ਰਸ਼ਾਸਨ ਲਈ ਸਰਕਾਰੀ ਰਿਸੀਵਰ ਨਿਯੁਕਤ ਕੀਤਾ ਜਾ ਸਕਦਾ ਹੈ।







