ਐਸ ਏ ਐਸ ਨਗਰ, 2 ਮਾਰਚ – ਮੁਹਾਲੀ ਸ਼ਹਿਰ ਅਤੇ ਇਸਦੇ ਨੇੜਲੇ ਇਲਾਕਿਆਂ ਵਿੱਚ ਕੋਵਿਡ ਮਹਾਂਮਾਰੀ ਦੌਰਾਨ ਪ੍ਰਾਪਰਟੀ ਦੀਆਂ ਕੀਮਤਾਂ ਵਿੱਚ ਕਾਫੀ ਉਛਾਲ ਆ ਗਿਆ ਹੈ, ਜਿਸ ਕਾਰਨ ਸ਼ਹਿਰ ਵਿੱਚ ਆਮ ਲੋਕਾਂ ਲਈ ਮਕਾਨ ਖਰੀਦਣਾ ਇਕ ਸੁਫਨੇ ਵਰਗਾ ਹੋ ਗਿਆ ਹੈ ਅਤੇ ਅਜਿਹਾ ਹੋਣ ਕਾਰਨ ਵੱਡੀ ਗਿਣਤੀ ਲੋਕ ਕਿਰਾਏ ਦੇ ਮਕਾਨ ਜਾਂ ਫਲੈਟਾਂ ਵਿੱਚ ਰਹਿ ਰਹੇ ਹਨ। ਦੂਜੇ ਪਾਸੇ ਖਾਲੀ ਪਲਾਟਾਂ, ਰੇਤਾ, ਬਜਰੀ, ਸੀਮਿੰਟ, ਇੱਟਾਂ, ਸਰੀਆਂ ਆਦਿ ਦੇ ਭਾਅ ਏਨੇ ਵੱਧ ਗਏ ਹਨ ਕਿ ਆਮ ਆਦਮੀ ਲਈ ਪਲਾਟ ਖਰੀਦ ਕੇ ਆਪਣਾ ਘਰ ਬਣਾਉਣਾ ਬਹੁਤ ਮੁਸ਼ਕਿਲ ਹੋ ਰਿਹਾ ਹੈ। ਇਸ ਤੋਂ ਇਲਾਵਾ ਮਕਾਨ ਬਣਾਉਣ ਲਈ ਲੇਬਰ ਅਤੇ ਮਿਸਤਰੀਆਂ ਦੀ ਦਿਹਾੜੀ ਜਾਂ ਠੇਕੇਦਾਰ ਵਲੋਂ ਲਈ ਜਾਂਦੀ ਰਕਮ ਵਿੱਚ ਵੀ ਬਹੁਤ ਵਾਧਾ ਹੋ ਚੁਕਿਆ ਹੈ, ਜਿਸ ਕਾਰਨ ਆਮ ਲੋਕਾਂ ਵਿੱਚ ਆਪਣਾ ਮਕਾਨ ਬਣਾਉਣਾ ਬਹੁਤ ਔਖਾ ਹੋ ਗਿਆ ਹੈ ਅਤੇ ਮਜਬੂਰੀ ਵਿੱਚ ਉਹਨਾਂ ਨੂੰ ਕਿਰਾਏ ਦੇ ਮਕਾਨਾਂ ਵਿੱਚ ਰਹਿਣਾ ਪੈ ਰਿਹਾ ਹੈ।
ਚੰਡੀਗੜ੍ਹ ਦੇ ਨਾਲ ਵਸਾਏ ਗਏ ਸ਼ਹਿਰ ਮੁਹਾਲੀ ਦੀ ਆਮ ਪੰਜਾਬੀਆਂ ਵਿੱਚ ਏਨੀ ੱਿਖਚ ਹੈ ਕਿ ਦੇਸ਼ ਵਿਦੇਸ਼ ਵਿੱਚ ਰਹਿੰਦੇ ਪੰਜਾਬੀ ਮੁਹਾਲੀ ਵਿੱਚ ਆਪਣਾ ਘਰ ਬਣਾਉਣਾ ਚਾਹੁੰਦੇ ਹਨ। ਦੂਜੇ ਪਾਸੇ ਕੋਵਿਡ ਮਹਾਂਮਾਰੀ ਕਾਰਨ ਦਿੱਲੀ ਅਤੇ ਹੋਰ ਇਲਾਕਿਆਂ ਤੋਂ ਆਰਥਿਕ ਘਾਟੇ ਦਾ ਸ਼ਿਕਾਰ ਹੋ ਕੇ ਆਏ ਅਤੇ ਦਿੱਲੀ ਵਿੱਚ ਆਪਣੀ ਪ੍ਰਾਪਰਟੀ ਵੇਚ ਕੇ ਆਏ ਲੋਕਾਂ ਨੇ ਮੁਹਾਲੀ ਅਤੇ ਨੇੜਲੇ ਇਲਾਕਿਆਂ ਵਿੱਚ ਪ੍ਰਾਪਰਟੀ ਦੀ ਖਰੀਦ ਕੀਤੀ ਹੈ ਜਿਸ ਕਾਰਨ ਪ੍ਰਾਪਰਟੀ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ। ਪੰਜਾਬ ਦੇ ਹੋਰਨਾਂ ਸ਼ਹਿਰਾਂ ਦੇ ਮੁਕਾਬਲੇ ਮੁਹਾਲੀ ਵਿੱਚ ਪਹਿਲਾਂ ਤੋਂ ਪ੍ਰਾਪਰਟੀ ਦੇ ਰੇਟ ਕੁਝ ਜਿਆਦਾ ਹੁੰਦੇ ਹਨ, ਪਰ ਮੁਹਾਲੀ ਸ਼ਹਿਰ ਪ੍ਰਤੀ ਆਮ ਪੰਜਾਬੀਆਂ ਦੀ ਖਿੱਚ ਦੇ ਕਾਰਨ ਦਿਨੋਂ ਦਿਨ ਮੁਹਾਲੀ ਵਿੱਚ ਪ੍ਰਾਪਰਟੀ ਦੇ ਰੇਟ ਲਗਾਤਾਰ ਵੱਧ ਰਹੇ ਹਨ।
ਇਸ ਤੋਂ ਇਲਾਵਾ ਪੰਜਾਬ ਦੇ ਵੱਖ ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਲੋਕ ਮੁਹਾਲੀ ਅਤੇ ਚੰਡੀਗੜ੍ਹ ਵਿੱਚ ਨੌਕਰੀਆਂ ਜਾਂ ਹੋਰ ਕੰਮ ਧੰਦੇ ਕਰਨ ਹਰ ਦਿਨ ਆਉਂਦੇ ਹਨ। ਬੱਸਾਂ ਵਿੱਚ ਹਰ ਦਿਨ ਧੱਕੇ ਖਾ ਕੇ ਅੱਕ ਚੁੱਕੇ ਇਹ ਨੌਕਰੀਪੇਸ਼ਾ ਲੋਕ ਵੀ ਚਾਹੁੰਦੇ ਹਨ ਕਿ ਉਹਨਾਂ ਦਾ ਮੁਹਾਲੀ ਜਾਂ ਨੇੜੇ ਤੇੜੇ ਆਪਣਾ ਮਕਾਨ ਹੋਵੇ। ਜਿਸ ਕਾਰਨ ਮੁਹਾਲੀ ਵਿੱਚ ਪ੍ਰਾਪਰਟੀ ਖਰੀਦਣ ਵਾਲੇ ਖਰੀਦਦਾਰਾਂ ਦੀ ਗਿਣਤੀ ਵੱਧ ਜਾਂਦੀ ਹੈ ਅਤੇ ਸਪਲਾਈ ਘਟ ਜਾਂਦੀ ਹੈ। ਅਰਥ ਸ਼ਾਸਤਰ ਦਾ ਇਹ ਨਿਯਮ ਹੈ ਕਿ ਜਦੋਂ ਕਿਸੇ ਚੀਜ ਦੀ ਮੰਗ ਵੱਧ ਜਾਂਦੀ ਹੈ ਅਤੇ ਆਪੂਰਤੀ ਘੱਟ ਜਾਂਦੀ ਹੈ ਤਾਂ ਉਸ ਚੀਜ ਦੇ ਭਾਅ ਇਕਦਮ ਵੱਧ ਜਾਂਦੇ ਹਨ। ਮੁਹਾਲੀ ਵਿੱਚ ਪ੍ਰਾਪਰਟੀ ਦੇ ਮਾਮਲੇ ਵਿੱਚ ਅਜਿਹਾ ਹੋ ਰਿਹਾ ਹੈ।
ਆਮ ਲੋਕਾਂ ਦੀ ਮੁਹਾਲੀ ਸ਼ਹਿਰ ਪ੍ਰਤੀ ਖਿੱਚ ਕਾਰਨ ਅਤੇ ਆਮ ਲੋਕਾਂ ਵਲੋਂ ਮੁਹਾਲੀ ਵਿੱਚ ਆਪਣਾ ਮਕਾਨ ਬਣਾਉਣ ਦੀ ਇੱਛਾ ਦਾ ਫਾਇਦਾ ਕੁਝ ਚੁਸਤ ਚਲਾਕ ਕਿਸਮ ਦੇ ਬਿਲਡਰ ਉਠਾ ਰਹੇ ਹਨ, ਜੋ ਮੁਹਾਲੀ ਦੇ ਨੇੜਲੇ ਇਲਾਕਿਆਂ ਵਿੱਚ ਆਪਣੀਆਂ ਅਧਿਕਾਰਤ ਜਾਂ ਅਣਅਧਿਕਾਰਤ ਕਾਲੋਨੀਆਂ ਬਣਾ ਕੇ ਮਹਿੰਗੇ ਭਾਅ ਪਰ ਮੁਹਾਲੀ ਸ਼ਹਿਰ ਤੋਂ ਕੁਝ ਸਸਤੇ ਮਕਾਨ ਜਾਂ ਫਲੈਟ ਆਮ ਲੋਕਾਂ ਨੂੰ ਵੇਚ ਕੇ ਕਮਾਈ ਕਰ ਰਹੇ ਹਨ ਅਤੇ ਲੋਕਾਂ ਨੂੰ ਜਾਂ ਤਾਂ ਮਜਬੂਰੀ ਵਿੱਚ ਕਿਸੇ ਕਿਰਾਏ ਦੇ ਘਰ ਵਿੱਚ ਰਹਿਣਾ ਪੈ ਰਿਹਾ ਹੈ ਜਾਂ ਫਿਰ ਉਹ ਆਪਣੇ ਆਸ਼ੀਆਨੇ ਦੀ ਆਸ ਵਿੱਚ ਇਹਨਾਂ ਬਿਲਡਰਾਂ ਦੇ ਝਾਂਸੇ ਵਿੱਚ ਫਸ ਰਹੇ ਹਨ।
ਇਸ ਦੌਰਾਨ ਇਹ ਵੀ ਚਰਚਾ ਹੈ ਕਿ ਪੰਜਾਬ ਵਿਧਾਨਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਪ੍ਰਾਪਰਟੀ ਦੀਆਂ ਕੀਮਤਾਂਵਿੱਚ ਹੋਰ ਵੀ ਉਬਾਲ ਆ ਸਕਦਾ ਹੈ ਅਤੇ ਜੇਕਰ ਅਜਿਹਾ ਹੋਇਆ ਤਾਂ ਆਪਣਾ ਘਰ ਬਣਾਉਣ ਦੇ ਚਾਹਵਾਨਾਂ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਸਕਦੀਆਂ ਹਨ।






