ਨਿਊਯਾਰਕ, 4 ਮਾਰਚ – ਬੀਤੀ ਰਾਤ ਓਂਟਾਰੀਓ ਕੈਨੇਡਾ ਦੀ ਟਾਊਨਸ਼ਿਪ ਹਰਥਰ ਦੇ ਹਾਈਵੇਅ-6 ਨੇੜੇ ਅਰਥਰ ਦੇ ਵੈਲਿੰਗਟਨ ਰੋਡ ਤੇ ਵੈਨ ਅਤੇ ਟ੍ਰੇਲਰ ਦੀ ਸਿੱਧੀ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਵਿੱਚ ਵੈਨ ਵਿੱਚ ਸਵਾਰ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਦੀ ਪਛਾਣ ਓਂਟਾਰੀੳ ਦੇ ਮੋਨੋ ਟਾਊਨ ਦੇ ਵਾਸੀ ਗੁਰਿੰਦਰਪਾਲ ਲਿੱਧੜ (31), ਬ੍ਰੈਂਟਫੋਰਡ ਦੇ ਵਾਸੀ ਸੰਨੀ ਖੁਰਾਣਾ (24) ਅਤੇ ਬੈਰੀ ਟਾਊਨ ਦੇ ਵਾਸੀ ਕਿਰਨਪ੍ਰੀਤ ਸਿੰਘ ਗਿੱਲ (22) ਵਜੋਂ ਹੋਈ ਹੈ। ਇਸ ਹਾਦਸੇ ਵਿੱਚ ਟ੍ਰੇਲਰ ਦਾ ਡਰਾਈਵਰ ਵੀ ਗੰਭੀਰ ਜ਼ਖਮੀ ਹੋ ਗਿਆ ਹੈ, ਜਿਸ ਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਇੱਕ ਦੀ ਹਸਪਤਾਲ ਵਿੱਚ ਜਾ ਕੇ ਮੌਤ ਹੋ ਗਈ। ਮਾਰੇ ਗਏ ਤਿੰਨੇ ਨੌਜਵਾਨ ਇੱਕ ਹੀ ਵੈਨ ਵਿੱਚ ਸਵਾਰ ਸਨ। ਮਾਰੇ ਗਏ ਇੱਕ ਨੌਜਵਾਨ ਕਿਰਨਪ੍ਰੀਤ ਸਿੰਘ (22) ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਸ਼ਿਮਰੇਵਾਲਾ ਨਾਲ ਹੈ।
ਮ੍ਰਿਤਕ ਦੇ ਰਿਸ਼ਤੇਦਾਰਾ ਨੇ ਦੱਸਿਆ ਕਿ ਪਿੰਡ ਸ਼ਿਮਰੇਵਾਲਾ ਦਾ ਨੌਜਵਾਨ ਸਾਲ 2019 ਵਿੱਚ ਕੈਨੇਡਾ ਵਿੱਚ ਸਟੱਡੀ ਵੀਜੇ ਤੇ ਗਿਆ ਸੀ। ਪਰਿਵਾਰ ਵੱਲੋਂ ਮ੍ਰਿਤਕ ਕਿਰਨਪ੍ਰੀਤ ਸਿੰਘ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਕੋਸ਼ਿਸ਼ਾਂ ਤੇਜ ਕਰ ਦਿੱਤੀਆਂ ਗਈਆਂ ਹਨ। ਪਰਿਵਾਰ ਵੱਲੋਂ ਪ੍ਰਸ਼ਾਸ਼ਨ ਤੇ ਸਰਕਾਰ ਤੱਕ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ। ਮ੍ਰਿਤਕ ਕੈਫੀ ਮਾਪਿਆਂ ਦਾ ਇਕਲੌਤਾ ਪੁੱਤਰ ਸੀ।





