ਬ੍ਰਿਸਬੇਨ, 4 ਮਾਰਚ-ਆਸਟ੍ਰੇਲੀਆ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਰੌਡ ਮਾਰਸ਼ ਦਾ ਦਿਹਾਂਤ ਹੋ ਗਿਆ ਹੈ। ਕੁਈਨਜ਼ਲੈਂਡ ਵਿੱਚ ਚੈਰੀਟੇਬਲ ਕੰਮਾਂ ਲਈ ਪੈਸਾ ਇਕੱਠਾ ਕਰਨ ਲਈ ਇੱਕ ਸਮਾਗਮ ਦੌਰਾਨ ਇੱਕ ਹਫ਼ਤਾ ਪਹਿਲਾਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਮਾਰਸ਼ 74 ਸਾਲ ਦੇ ਸਨ।
ਸਪੋਰਟ ਆਸਟ੍ਰੇਲੀਆ ਹਾਲ ਆਫ ਫੇਮ ਨੇ ਪੁਸ਼ਟੀ ਕੀਤੀ ਕਿ 1970 ਤੋਂ 1984 ਦਰਮਿਆਨ ਆਸਟ੍ਰੇਲੀਆ ਲਈ 96 ਟੈਸਟ ਮੈਚ ਖੇਡਣ ਵਾਲੇ ਮਾਰਸ਼ ਦੀ ਐਡੀਲੇਡ ਦੇ ਹਸਪਤਾਲ ਵਿੱਚ ਮੌਤ ਹੋ ਗਈ ਹੈ। ਇਕ ਸਮੇਂ ਵਿਕਟਕੀਪਰ ਵੱਲੋਂ ਸਭ ਤੋਂ ਵੱਧ 355 ਸ਼ਿਕਾਰ ਬਣਾਉਣ ਦਾ ਰਿਕਾਰਡ ਉਨ੍ਹਾਂ ਦੇ ਨਾਮ ਸੀ, ਜਿਸ ਵਿੱਚ ਮਹਾਨ ਤੇਜ਼ ਗੇਂਦਬਾਜ਼ ਡੇਨਿਸ ਲਿਲੀ ਦੀਆਂ ਗੇਂਦਾਂ ਤੇ ਕੀਤੇ 95 ਸ਼ਿਕਾਰ ਵੀ ਸ਼ਾਮਲ ਸਨ। ਉਹ ਆਸਟ੍ਰੇਲੀਆ ਲਈ 92 ਵਨ ਡੇ ਅੰਤਰਰਾਸ਼ਟਰੀ ਮੈਚ ਵੀ ਖੇਡੇ।
ਉਨ੍ਹਾਂ ਨੇ ਫਰਵਰੀ 1984 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਖੱਬੇ ਹੱਥ ਦੇ ਬੱਲੇਬਾਜ਼ ਮਾਰਸ਼ ਟੈਸਟ ਕ੍ਰਿਕਟ ਵਿੱਚ ਸੈਂਕੜਾ ਲਗਾਉਣ ਵਾਲੇ ਪਹਿਲੇ ਆਸਟਰੇਲੀਆਈ ਵਿਕਟਕੀਪਰ ਸਨ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ਤਿੰਨ ਟੈਸਟ ਸੈਂਕੜੇ ਲਗਾਏ। ਮਾਰਸ਼ ਆਸਟ੍ਰੇਲੀਆ ਅਤੇ ਇੰਗਲੈਂਡ ਵਿੱਚ ਰਾਸ਼ਟਰੀ ਕ੍ਰਿਕਟ ਅਕੈਡਮੀਆਂ ਦੇ ਮੁਖੀ ਵੀ ਰਹੇ। ਉਹ ਦੁਬਈ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦੀ ਵਿਸ਼ਵ ਕੋਚਿੰਗ ਅਕੈਡਮੀ ਦੇ ਪਹਿਲੇ ਮੁਖੀ ਸਨ। ਉਨ੍ਹਾਂ ਨੂੰ 2014 ਵਿੱਚ ਆਸਟਰੇਲੀਆ ਦੀ ਚੋਣ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ ਸੀ ਅਤੇ ਉਹ 2 ਸਾਲਾਂ ਲਈ ਇਸ ਅਹੁਦੇ ਤੇ ਰਹੇ ਸਨ। ਮਾਰਸ਼ ਨੂੰ 1985 ਵਿੱਚ ਸਪੋਰਟ ਆਸਟ੍ਰੇਲੀਆ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ ਸੀ। ਹਾਲ ਆਫ ਫੇਮ ਦੇ ਪ੍ਰਧਾਨ ਜੌਹਨ ਬਰਟਰੈਂਡ ਨੇ ਕਿਹਾ ਕਿ ਮਾਰਸ਼ ਬਿਨਾਂ ਕਿਸੇ ਡਰ ਦੇ ਆਪਣੀ ਗੱਲ ਰੱਖਦੇ ਸਨ ਅਤੇ ਉਨ੍ਹਾਂ ਨੇ ਨੌਜਵਾਨ ਕ੍ਰਿਕਟਰਾਂ ਦੀ ਪ੍ਰਤਿਭਾ ਨੂੰ ਪਛਾਣਿਆ।





