ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ ਉੱਤਰ ਪ੍ਰਦੇਸ਼ ਵਿੱਚ ਚੱਲ ਰਹੀਆਂ ਕੋਲਡ ਡ੍ਰਿੰਕ ਬਣਾਉਣ ਵਾਲੀਆਂ ਦੋ ਕੰਪਨੀਆਂ ਤੇ ਭੂਜਲ ਦੇ ਗੈਰਕਾਨੂੰਨੀ ਦੋਹਨ ਨੂੰ ਲੈ ਕੇ 25 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਨ੍ਹਾਂ ਦੋਵਾਂ ਕੰਪਨੀਆਂ ਨੇ ਭੂਜਲ ਵਰਤੋਂ ਲਈ ਜਰੂਰੀ ਪ੍ਰਵਾਨਗੀ ਨਹੀਂ ਲਈ ਸੀ ਅਤੇ ਗ਼ੈਰਕਾਨੂੰਨੀ ਤਰੀਕੇ ਨਾਲ ਭੂਜਲ ਦਾ ਦੋਹਨ ਕਰ ਰਹੀਆਂ ਸਨ। ਇਸ ਮਾਮਲੇ ਵਿੱਚ ਐਨਜੀਟੀ ਨੇ ਕੇਂਦਰੀ ਭੂਜਲ ਅਥਾਰਟੀ ਦੀ ਵੀ ਆਲੋਚਨਾ ਕੀਤੀ ਹੈ ਕਿ ਉਸ ਨੇ ਇੰਨੇ ਵੱਡੇ ਪੈਮਾਨੇ ਤੇ ਭੂਜਲ ਦੇ ਗ਼ੈਰਕਾਨੂੰਨੀ ਦੋਹਨ ਨੂੰ ਨਜਰਅੰਦਾਜ ਕੀਤਾ। ਇਸ ਮਾਮਲੇ ਨਾਲ ਇੱਕ ਵਾਰ ਫਿਰ ਭੂਜਲ ਦੇ ਗ਼ੈਰਕਾਨੂੰਨੀ ਦੋਹਨ ਨੂੰ ਲੈ ਕੇ ਚਿੰਤਾ ਡੂੰਘੀ ਹੋਈ ਹੈ।
ਕੋਲਡ ਡਿ੍ਰੰਕ ਬਣਾਉਣ ਵਾਲੀਆਂ ਕੰਪਨੀਆਂ ਦੇ ਖਿਲਾਫ ਦੇਸ਼ ਭਰ ਵਿੱਚ ਇਸ ਲਈ ਸਥਾਨਕ ਲੋਕਾਂ ਦਾ ਵਿਰੋਧ ਪ੍ਰਦਰਸ਼ਨ ਚੱਲਦਾ ਰਿਹਾ ਹੈ ਕਿ ਉਹ ਭਾਰੀ ਪੈਮਾਨੇ ਤੇ ਭੂਜਲ ਦਾ ਦੋਹਨ ਕਰਦੀਆਂ ਹਨ, ਜਿਸਦੇ ਨਾਲ ਕਿਸਾਨਾਂ ਨੂੰ ਸਿੰਚਾਈ ਆਦਿ ਵਿੱਚ ਮੁਸ਼ਕਿਲਾਂ ਦਾ ਸਾਮਣਾ ਕਰਨਾ ਪੈਂਦਾ ਹੈ। ਜਿਕਰਯੋਗ ਹੈ ਕਿ ਕੋਲਡ ਡ੍ਰਿੰਕ ਬਣਾਉਣ ਵਾਲੀਆਂ ਕੰਪਨੀਆਂ ਜਿੰਨੀ ਮਾਤਰਾ ਵਿੱਚ ਆਪਣੀਆਂ ਬੋਤਲਾਂ ਤਿਆਰ ਕਰਦੀਆਂ ਹਨ ਉਸ ਤੋਂ ਕਰੀਬ ਚਾਰ ਗੁਣਾ ਜਿਆਦਾ ਪਾਣੀ ਬਰਬਾਦ ਚਲਾ ਜਾਂਦਾ ਹੈ। ਉਹ ਜ਼ਮੀਨ ਦੇ ਕਾਫੀ ਡੂੰਘੇ ਤੱਕ ਜਾ ਕੇ ਪਾਣੀ ਕੱਢ ਲੈਂਦੀਆਂ ਹਨ, ਜਿਸ ਦੇ ਨਾਲ ਆਸਪਾਸ ਦੇ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਅਤੇ ਸਿੰਚਾਈ ਆਦਿ ਲਈ ਪਾਣੀ ਦੀ ਕਿੱਲਤ ਖੜੀ ਹੋ ਜਾਂਦੀ ਹੈ।
ਸੱਤ – ਅੱਠ ਸਾਲ ਪਹਿਲਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪੈਪਸੀ ਅਤੇ ਕੋਲਾ ਬਣਾਉਣ ਵਾਲੀਆਂ ਕੰਪਨੀਆਂ ਦੇ ਕਾਰਖਾਨਿਆਂ ਦੇ ਵਿਰੁੱਧ ਵੱਡੇ ਅੰਦੋਲਨ ਹੋਏ ਸਨ, ਜਿਨ੍ਹਾਂ ਦੇ ਚਲਦੇ ਇਹਨਾਂ ਕੰਪਨੀਆਂ ਨੂੰ ਆਪਣੇ ਕਈ ਕਾਰਖਾਨੇ ਹਟਾਉਣੇ ਪਏ ਸਨ। ਪਰ ਕੇਂਦਰੀ ਭੂਜਲ ਅਥਾਰਟੀ ਅਤੇ ਵਾਤਾਵਰਣ ਤੇ ਨਿਗਰਾਨੀ ਰੱਖਣ ਵਾਲੇ ਮਹਿਕਮਿਆਂ ਦੀ ਉਦਾਸੀਨਤਾ ਦੇ ਚਲਦੇ ਅਜਿਹੇ ਕਾਰਖਾਨੇ ਫਿਰ ਤੋਂ ਆਪਣੇ ਪੈਰ ਪਸਾਰਨ ਲੱਗੇ ।
ਕੋਲਡ ਡਿ੍ਰੰਕ ਬਣਾਉਣ ਵਾਲੀਆਂ ਕੰਪਨੀਆਂ ਦੇ ਖਿਲਾਫ ਅਨੇਕ ਕਾਰਨਾਂ ਕਰਕੇ ਅੰਦੋਲਨ ਚਲਦੇ ਰਹੇ ਹਨ। ਇੱਕ ਤਾਂ ਇਹਨਾਂ ਵਿੱਚ ਇਸਤੇਮਾਲ ਹੋਣ ਵਾਲੀ ਸਮੱਗਰੀ ਦਾ ਖਾਸਕਰਕੇ ਬੱਚਿਆਂ ਦੀ ਸਿਹਤ ਤੇ ਪੈਣ ਵਾਲੇ ਮਾੜੇ ਪ੍ਰਭਾਵ ਨੂੰ ਲੈ ਕੇ। ਦੂਜਾ, ਭੂਜਲ ਦੇ ਮਨਮਾਨੇ ਦੋਹਨ ਤੇ ਇਤਰਾਜ ਜਤਾਇਆ ਜਾਂਦਾ ਰਿਹਾ ਹੈ। ਫਿਰ ਇਹਨਾਂ ਕਾਰਖਾਨਿਆਂ ਤੋਂ ਨਿਕਲਣ ਵਾਲਾ ਗੰਦਾ ਪਾਣੀ ਆਸਪਾਸ ਦੇ ਇਲਾਕਿਆਂ ਵਿੱਚ ਫੈਲ ਕੇ ਉਪਜਾਊ ਭੂਮੀ ਦੀ ਉਪਜਾਊ ਧਰਤੀ ਸ਼ਕਤੀ ਨਸ਼ਟ ਕਰ ਦਿੰਦਾ ਹੈ।
ਪਰ ਇਹਨਾਂ ਕੰਪਨੀਆਂ ਦਾ ਰਸੂਖ ਅਜਿਹਾ ਹੈ ਕਿ ਇਨ੍ਹਾਂ ਦੇ ਖਿਲਾਫ ਸਰਕਾਰਾਂ ਅੱਜ ਤੱਕ ਕੋਈ ਸਖਤ ਫੈਸਲਾ ਨਹੀਂ ਕਰ ਸਕੀਆਂ। ਐਨਜੀਟੀ ਦੇ ਤਾਜ਼ਾ ਫੈਸਲੇ ਤੋਂ ਬਾਅਦ ਕੋਲਡ ਡ੍ਰਿੰਕ ਬਣਾਉਣ ਵਾਲੀਆਂ ਕੰਪਨੀਆਂ ਅਤੇ ਭੂਜਲ ਅਤੇ ਵਾਤਾਵਰਣ ਆਦਿ ਤੇ ਨਜ਼ਰ ਰੱਖਣ ਵਾਲੀਆਂ ਸੰਸਥਾਵਾਂ ਕਿੰਨਾ ਸਬਕ ਸਿੱਖ ਸਕਣਗੀਆਂ, ਕਹਿਣਾ ਮੁਸ਼ਕਿਲ ਹੈ। ਉਨ੍ਹਾਂ ਕੰਪਨੀਆਂ ਦਾ ਸਿਰਫ ਇੱਕ ਮਕਸਦ ਹੁੰਦਾ ਹੈ-ਲਾਭ ਕਮਾਉਣਾ, ਇਸਦੇ ਲਈ ਚਾਹੇ ਲੋਕਾਂ ਦੀ ਸਿਹਤ ਅਤੇ ਉਨ੍ਹਾਂ ਦੇ ਮਾਹੌਲ ਤੇ ਕਿੰਨਾ ਵੀ ਮਾੜਾ ਅਸਰ ਕਿਉਂ ਨਾ ਪੈਂਦਾ ਹੋਵੇ।
ਭੂਜਲ ਦੇ ਅਤਾਰਕਿਕ ਦੋਹਨ ਦਾ ਮਾਮਲਾ ਸਿਰਫ ਕੋਲਡ ਡ੍ਰਿੰਕ ਬਣਾਉਣ ਵਾਲੀਆਂ ਕੰਪਨੀਆਂ ਤੱਕ ਸੀਮਿਤ ਨਹੀਂ ਹੈ। ਬੋਤਲਬੰਦ ਪਾਣੀ ਦਾ ਚਲਨ ਵੀ ਪਿਛਲੇ ਕੁੱਝ ਸਾਲਾਂ ਵਿੱਚ ਤੇਜੀ ਨਾਲ ਵਧਿਆ ਹੈ ਅਤੇ ਇਸਦਾ ਦੇਸ਼ ਵਿੱਚ ਅਰਬਾਂ ਰੁਪਏ ਦਾ ਕਾਰੋਬਾਰ ਫੈਲ ਚੁੱਕਿਆ ਹੈ। ਇਸ ਖੇਤਰ ਵਿੱਚ ਨਾ ਸਿਰਫ ਅਨੇਕ ਨਾਮੀ ਕੰਪਨੀਆਂ ਸਰਗਰਮ ਹਨ, ਸਗੋਂ ਚੋਰੀ – ਛਿਪੇ ਕਾਰੋਬਾਰ ਕਰਨ ਵਾਲੇ ਕਾਰਖਾਨੇ ਵੀ ਛੋਟੀਆਂ- ਛੋਟੀਆਂ ਥਾਵਾਂ ਤੇ ਚੱਲ ਰਹੇ ਹਨ। ਸ਼ੁੱਧ ਪੀਣ ਵਾਲੇ ਪਾਣੀ ਦੀ ਕਮੀ ਦੇ ਚਲਦੇ ਇਸ ਕਾਰੋਬਾਰ ਨੇ ਜ਼ੋਰ ਫੜਿਆ ਹੈ।
ਬੋਤਲਬੰਦ ਪਾਣੀ ਬਣਾਉਣ ਵਾਲੀਆਂ ਕੰਪਨੀਆਂ ਵੀ ਜਿਆਦਾਤਰ ਭੂਜਲ ਨੂੰ ਹੀ ਸ਼ੁੱਧ ਕਰਦੀਆਂ ਹਨ। ਕੁੱਝ ਸਾਲ ਪਹਿਲਾਂ ਦਿੱਲੀ ਵਿੱਚ ਛਾਪੇਮਾਰੀ ਦੇ ਦੌਰਾਨ ਅਜਿਹੇ ਅਨੇਕ ਗ਼ੈਰਕਾਨੂੰਨੀ ਕਾਰਖਾਨਿਆਂ ਨੂੰ ਫੜਿਆ ਗਿਆ ਸੀ, ਜੋ ਜਾਂ ਤਾਂ ਮਨਮਾਨੇ ਢੰਗ ਨਾਲ ਭੂਜਲ ਦਾ ਦੋਹਨ ਕਰ ਰਹੇ ਸਨ ਜਾਂ ਜਲ ਬੋਰਡ ਦੇ ਪਾਣੀ ਦੀ ਚੋਰੀ ਕਰ ਰਹੇ ਸਨ। ਲੁਕੀ ਗੱਲ ਨਹੀਂ ਹੈ ਕਿ ਇਸ ਤਰ੍ਹਾਂ ਦੀਆਂ ਮਨਮਾਨੀਆਂ ਇਸ ਲਈ ਚੱਲਦੀਆਂ ਰਹਿੰਦੀਆਂ ਹਨ ਕਿ ਇਸ ਤੇ ਨਜ਼ਰ ਰੱਖਣ ਵਾਲੇ ਮਹਿਕਮੇ ਲੋਭ ਵਿੱਚ ਅੱਖਾਂ ਬੰਦ ਕਰਕੇ ਰਖਦੇ ਹਨ। ਉਨ੍ਹਾਂ ਦੀਆਂ ਅੱਖਾਂ ਕਦੋਂ ਖੁਲਣਗੀਆਂ, ਕਹਿਣਾ ਮੁਸ਼ਕਿਲ ਹੈ।






