ਸੰਗਰੂਰ,15 ਮਾਰਚ, 2022: ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਸੂਬਾ ਮੀਤ ਪ੍ਰਧਾਨ ਅਮਨਦੀਪ ਸੇਖਾ ਨੇ ਲਿਖਤੀ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਪਿਛਲੇ 70 ਸਾਲਾਂ ਤੋਂ ਲੁੱਟ ਕਰਦੀਆਂ ਆ ਰਹੀਆਂ ਰਵਾਇਤੀ ਪਾਰਟੀਆਂ ਤੋਂ ਖਹਿੜਾ ਛੁਡਵਾ ਕੇ ਪੰਜਾਬ ਦੇ ਲੋਕਾਂ ਨੇ ਇਤਿਹਾਸ ਸਿਰਜਿਆ ਹੈ ਕਿ ਇੱਕ ਵਾਰ ਲੋਕਾਂ ਦੀ ਅਖਵਾਉਣ ਵਾਲੀ ਪਾਰਟੀ ਨੂੰ ਸੱਤਾ ਦਿੱਤੀ ਹੈ। ਇਸ ਲਈ ਹੁਣ ਪੰਜਾਬ ਦੀਆਂ ਹੋਰਨਾਂ ਮੰਗਾਂ ਦੇ ਨਾਲ-ਨਾਲ ਪਹਿਲ ਦੇ ਆਧਾਰ ਉੱਤੇ ਬੇਰੁਜ਼ਗਾਰਾਂ ਨਾਲ ਕੀਤੇ ਵਾਅਦੇ ਵੀ ਪੂਰੇ ਕਰੇ। ਬੇਰੁਜ਼ਗਾਰ ਅਧਿਆਪਕਾਂ ਦੀ ਮਾਸਟਰ ਕੇਡਰ ਦੀਆਂ ਅਸਾਮੀਆਂ ਵਿੱਚ ਵਾਧਾ ਕਰਕੇ ਭਰਤੀ ਤੁਰੰਤ ਮੁਕੰਮਲ ਕੀਤੀ ਜਾਵੇ।
ਉਹਨਾਂ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਨੇ ਘਰ-ਘਰ ਨੌਕਰੀ ਦਾ ਅਤੇ ਬੇਰੁਜ਼ਗਾਰੀ ਭੱਤੇ ਦਾ ਵਾਅਦਾ ਕਰਕੇ ਪੰਜ ਸਾਲ ਬੇਰੁਜ਼ਗਾਰ ਅਧਿਆਪਕਾਂ ਉੱਪਰ ਜ਼ਬਰ ਹੀ ਕੀਤਾ ਹੈ। ਬੇਰੁਜ਼ਗਾਰ ਅਧਿਆਪਕਾਂ ਨੂੰ ਸੰਗਰੂਰ, ਪਟਿਆਲਾ, ਮੋਰਿੰਡਾ ਅਤੇ ਜਲੰਧਰ ਦੀਆਂ ਸੜਕਾਂ ਉਪਰ ਰੁਲਣਾ ਪਿਆ।
ਬੇਰੁਜ਼ਗਾਰ ਅਧਿਆਪਕ ਆਗੂਆਂ ਨੇ ਕਿਹਾ ਕਿ ਆਖਰ 8 ਜਨਵਰੀ ਨੂੰ ਚੋਣ ਜਾਬਤਾ ਲੱਗਣ ਵੇਲੇ ਮਹਿਜ਼ 4161 ਮਾਮੂਲੀ ਅਸਾਮੀਆਂ ਜਾਰੀ ਕੀਤੀਆਂ ਗਈਆਂ ਸਨ, ਜਿਹੜੀਆਂ ਕਿ ਅਧਵਾਟੇ ਲਟਕ ਰਹੀਆਂ ਹਨ। ਜਿਨ੍ਹਾਂ ਵਿੱਚ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਨਾ-ਮਾਤਰ ਅਸਾਮੀਆਂ ਸਨ।
ਉਹਨਾਂ ਮੰਗ ਕੀਤੀ ਕਿ ਜਾਰੀ ਇਸ਼ਤਿਹਾਰ ਵਿੱਚ ਅਸਾਮੀਆਂ ਵਾਧਾ ਕਰਕੇ ਜਲਦੀ ਤੋਂ ਜਲਦੀ ਭਰਤੀ ਮੁਕੰਮਲ ਕੀਤੀ ਜਾਵੇ।






