ਜਗਰਾਓਂ ,08 ਅਪ੍ਰੈਲ 2022- ਜਗਰਾਓਂ ਦੇ ਫਰਦ ਕੇਂਦਰ ਵਿਚ ਲੋਕ ਫਰਦ ਨਾ ਮਿਲਣ ਕਾਰਨ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਅਤੇ ਪ੍ਰਸ਼ਾਸਨ ਨੂੰ ਕੋਸ ਰਹੇ ਹਨ। ਪੱਤਰਕਾਰਾਂ ਵਲੋਂ ਸਵੇਰੇ 9.30 ਬਜੇ ਜਾਕੇ ਫਰਦ ਕੇਂਦਰ ਦਾ ਦੌਰਾ ਕੀਤਾ ਗਿਆ ਤਾਂ ਓਥੇ ਵੇਖਿਆ ਕਿ ਕੋਈ ਵੀ ਅਧਿਕਾਰੀ ਜਾਂ ਮੁਲਾਜਮ ਦਫਤਰ ਵਿਚ ਮੌਜੂਦ ਨਹੀਂ ਸੀ ਅਤੇ ਲੋਕਾਂ ਵਲੋਂ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਲਾਪਰਵਾਹੀ ਦਾ ਰੋਣਾ ਰੋਇਆ ਜਾ ਰਿਹਾ ਸੀ। ਪਿੰਡ ਕਮਾਲਪੁਰ ਦੇ ਵਸਨੀਕ ਸੁਰਜੀਤ ਸਿੰਘ ਨੇ ਦਸਿਆ ਕਿ ਉਹ 2 ਦਿਨ ਤੋਂ ਫਰਦ ਲੈਣ ਲਈ ਖੱਜਲ ਹੋ ਰਿਹਾ ਹੈ ਅਤੇ ਕਦੇ ਕਿਹਾ ਜਾਂਦਾ ਹੈ ਕਿ ਲਾਇਟ ਹੈ ਨਹੀਂ ਜਾ ਕਦੇ ਮੁਲਾਜਮ ਦਫਤਰ ਨਹੀਂ ਮਿਲਦੇ। ਓਨਾ ਕਿਹਾ ਕਿ ਜੇਕਰ ਖੁਦ ਵੱਡੇ ਅਧਿਕਾਰੀ ਹੀ ਦਫਤਰ ਵਿਚ ਸਮੇ ਸਿਰ ਨਹੀਂ ਪਹੁੰਚ ਰਹੇ ਤਾਂ ਛੋਟੇ ਮੁਲਾਜਮ ਕਿਵੇਂ ਪਹੁੰਚਣਗੇ।
ਫਰਦ ਕੇਂਦਰ ਵਿਚ ਆਏ ਸੋਹੀਆਂ ਪਿੰਡ ਦੇ ਵਸਨੀਕ ਜਸਵੰਤ ਸਿੰਘ ਨੇ ਦਸਿਆ ਕਿ ਇੰਨੇ ਵੱਡੇ ਤਹਿਸੀਲ ਕੰਮਪਲੈਕਸ ਵਿਚ ਇਕ ਜਰਨੇਟਰ ਵੀ ਸਰਕਾਰ ਵਲੋਂ ਨਹੀਂ ਲਗਵਾਇਆ ਜਾ ਸਕਿਆ ਜਿਸ ਕਾਰਨ ਲਾਇਟ ਨਾ ਹੋਣ ਕਾਰਨ ਲੋਕ ਖੱਜਲ ਖੁਆਰ ਹੋ ਰਹੇ ਹਨ। ਜਦੋ ਇਸ ਸੰਬੰਧੀ ਐਸਡੀਐਮ ਜਗਰਾਓਂ ਵਿਕਾਸ ਹੀਰਾ ਨਾਲ ਗੱਲਬਾਤ ਕੀਤੀ ਗਈ ਤਾਂ ਓਨਾ ਕਿਹਾ ਕਿ ਲੋਕਾਂ ਦੇ ਕੰਮ ਕਰਨਾ ਸਾਡਾ ਫਰਜ ਹੈ ਅਤੇ ਉਹ ਨਹੀਂ ਚਾਹੁੰਦੇ ਕਿ ਕੋਈ ਵੀ ਦਫਤਰ ਵਿਚ ਖੱਜਲ ਖੁਆਰ ਹੋਵੇ। ਓਨਾ ਕਿਹਾ ਕਿ ਜਰਨੇਟਰ ਦਾ ਪ੍ਰਬੰਧ ਤਾਂ ਸਰਕਾਰ ਨੇ ਕਰਨਾ ਹੈ ਅਤੇ ਉਹ ਇਸ ਸੰਬੰਧੀ ਤਹਿਸੀਲਦਾਰ ਦੀ ਡਿਊਟੀ ਲਗਾਉਣਗੇ ਤਾਂ ਜੋ ਇਸ ਦਫਤਰ ਵਿਚ ਜੇਕਰ ਕੋਈ ਪਰੇਸ਼ਾਨੀ ਹੈ ਤਾਂ ਉਸਨੂੰ ਦੂਰ ਕੀਤਾ ਜਾ ਸਕੇ।






