ਕੋਟਕਪੂਰਾ 8 ਅਪ੍ਰੈਲ 2022- ਪੰਜਾਬ ਪੁਲਿਸ ਨੇ ਦਿੱਲੀ ਭਾਜਪਾ ਦੇ ਇੱਕ ਹੋਰ ਆਗੂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦਿੱਲੀ ਭਾਜਪਾ ਦੇ ਬੁਲਾਰੇ ਨਵੀਨ ਜਿੰਦਲ ਖਿਲਾਫ ਆਈਟੀ ਐਕਟ ਸਮੇਤ ਕਈ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਨਵੀਨ ਜਿੰਦਲ ‘ਤੇ ਟਵਿੱਟਰ ‘ਤੇ ਇਕ ਐਡਿਟ ਵੀਡੀਓ ਸ਼ੇਅਰ ਕਰਨ ਦਾ ਦੋਸ਼ ਹੈ। ਜੋ ਕਿ ਕੇਜਰੀਵਾਲ ਦੇ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਦਾ ਹਿੱਸਾ ਹੈ। ਜਿਸ ਰਾਹੀਂ ਜਿੰਦਲ ਦਾਅਵਾ ਕਰ ਰਹੇ ਹਨ ਕਿ ਕੇਜਰੀਵਾਲ ਪੰਜਾਬ ਵਿੱਚ ਖੁਦ, ਮੁੱਖ ਮੰਤਰੀ ਅਤੇ ਮੰਤਰੀਆਂ ਦੇ ਰਿਸ਼ਵਤ ਲੈਣ ਦੀ ਗੱਲ ਕਬੂਲ ਕਰ ਰਹੇ ਹਨ।
ਕੇਸ ਦਰਜ ਹੋਣ ਤੋਂ ਬਾਅਦ ਨਵੀਨ ਜਿੰਦਲ ਨੇ ਲਿਖਿਆ ਕਿ ਆਖਰਕਾਰ ਉਸ ਦੀ ਸੱਚਾਈ ਸਾਹਮਣੇ ਆ ਗਈ ਹੈ। ਉਧਰ, ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਕੇਜਰੀਵਾਲ ਪੰਜਾਬ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਗੱਲ ਕਰ ਰਹੇ ਹਨ।
ਕੇਸ ਦਰਜ ਕਰਨ ਤੋਂ ਬਾਅਦ ਨਵੀਨ ਜਿੰਦਲ ਨੇ ਕਿਹਾ ਕਿ ਇਹ ਝੂਠਾ ਕੇਸ ਹੈ। ਇਨ੍ਹਾਂ ਨੂੰ ਪੰਜਾਬ ਮਿਲਿਆ ਤਾਂ ਪੁਲਿਸ ਦੀ ਦੁਰਵਰਤੋਂ ਕਰ ਰਹੇ ਹਨ। ਜਿੰਦਲ ਨੇ ਕਿਹਾ ਕਿ ਉਹ ਅਜਿਹੇ ਮਾਮਲਿਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਹਰ ਰੋਜ਼ ਇਸੇ ਤਰਾਂ ਪੋਲ ਖੋਲ੍ਹਦੇ ਰਹਿਣਗੇ।
ਭਾਜਪਾ ਆਗੂ ਕਪਿਲ ਮਿਸ਼ਰਾ ਨੇ ਕਿਹਾ ਕਿ ਪੰਜਾਬ ਪੁਲੀਸ ਨੇ ਭਾਜਪਾ ਆਗੂ ਖ਼ਿਲਾਫ਼ ਇੱਕ ਹੋਰ ਕੇਸ ਦਰਜ ਕੀਤਾ ਹੈ। ਜੇਕਰ ਅਜਿਹੇ ਸਿਆਸੀ ਬਿਆਨਾਂ ‘ਤੇ ਐਫਆਈਆਰ ਦਰਜ ਕੀਤੀ ਗਈ ਹੁੰਦੀ ਤਾਂ ਅਰਵਿੰਦ ਕੇਜਰੀਵਾਲ ਕਦੇ ਵੀ ਸਿਆਸਤ ‘ਚ ਨਹੀਂ ਆ ਸਕਦੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੂੰ ਅਰਵਿੰਦ ਕੇਜਰੀਵਾਲ ਦਾ ਤੋਤਾ ਬਣਾਉਣ ਦੀ ਸਾਜ਼ਿਸ਼ ਬਹੁਤੀ ਦੇਰ ਨਹੀਂ ਚੱਲੇਗੀ।
ਇਸ ਤੋਂ ਪਹਿਲਾਂ ਦਿੱਲੀ ਦੇ ਭਾਜਪਾ ਆਗੂਆਂ ਤੇਜਿੰਦਰਪਾਲ ਸਿੰਘ ਬੱਗਾ ਅਤੇ ਪ੍ਰੀਤੀ ਗਾਂਧੀ ਖ਼ਿਲਾਫ਼ ਸਾਈਬਰ ਕਰਾਈਮ ਥਾਣਾ ਮੁਹਾਲੀ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਤੇ ਵੀ ਅਰਵਿੰਦ ਕੇਜਰੀਵਾਲ ਖਿਲਾਫ ਗਲਤ ਪੋਸਟ ਕਰਨ ਦੇ ਦੋਸ਼ ਵੀ ਲਗਾਏ ਗਏ ਹਨ। ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਬੱਗਾ ਨੇ ਕਿਹਾ ਕਿ ਨਵੀਨ ਜਿੰਦਲ ਉਹੀ ਆਗੂ ਹਨ, ਜਿਨ੍ਹਾਂ ਨੇ ਕੇਜਰੀਵਾਲ ਦੀ 11 ਕਰੋੜ ਦੀ ਸਵਿਮਿੰਗ ਪੂਲ ਯੋਜਨਾ ਦਾ ਪਰਦਾਫਾਸ਼ ਕੀਤਾ ਸੀ।






