ਐਸ ਏ ਐਸ ਨਗਰ, 18 ਅਪ੍ਰੈਲ -ਸਥਾਨਕ ਫੇਜ਼ 3ਬੀ 1 ਦੇ ਰੋਜ ਗਾਰਡਨ ਵਿੱਚ ਲਾਈਬ੍ਰੇਰੀ ਦੇ ਨੇੜੇ ਇਕ ਪਾਣੀ ਵਾਲੀ ਹੋਦੀ ਵਿਚ ਗੰਦਗੀ ਦੀ ਭਰਮਾਰ ਹੈ, ਜਿਸ ਕਾਰਨ ਇਸ ਪਾਰਕ ਵਿਚ ਮੱਛਰਾਂ ਦੀ ਭਰਮਾਰ ਹੋ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਪ੍ਰਿੰਸੀ. ਐਸ ਚੌਧਰੀ ਨੇ ਦਸਿਆ ਕਿ ਕਾਫੀ ਸਮੇਂ ਤੋਂ ਇਸ ਹੋਦੀ ਵਿਚ ਗੰਦਾ ਪਾਣੀ, ਮਲਬਾ ਅਤੇ ਹੋਰ ਗੰਦ ਮੰਦ ਪਿਆ ਹੈ, ਇਸ ਦਾ ਗੰਦਾ ਪਾਣੀ ਬਾਹਰ ਨਿਕਲਕੇ ਇਧਰ ਉਧਰ ਫੈਲ ਜਾਂਦਾ ਹੈ। ਇਸ ਗੰਦੇ ਪਾਣੀ ਵਿਚੋਂ ਦੂਰ ਤਕ ਬਦਬੂ ਆਉਂਦੀ ਹੈ। ਉਹਨਾਂ ਦਸਿਆ ਕਿ ਇਸ ਤਰਾਂ ਲੱਗਦਾ ਹੈ ਕਿ ਜਿਵੇਂ ਇਸ ਪਾਰਕ ਦਾ ਕੋਈ ਵਾਲੀ ਵਾਰਸ ਨਾ ਹੋਵੇ। ਇਸ ਪਾਰਕ ਦੀ ਇਹ ਹਾਲਤ ਵੇਖ ਕੇ ਲਗਦਾ ਹੈ ਕਿ ਸਬੰਧਿਤ ਕਰਮਚਾਰੀਆਂ ਨੇ ਇਸ ਪਾਰਕ ਨੂੰ ਉਜਾੜਨ ਦੀ ਸੋਚ ਲਈ ਹੈ। ਇਸੇ ਕਾਰਨ ਇਸ ਪਾਰਕ ਦੀ ਦੇਖ ਰੇਖ ਵੱਲ ਕੋਈ ਧਿਆਨ ਨਹੀਂ ਦਿਤਾ ਜਾ ਰਿਹਾ। ਉਹਨਾ ਮੰਗ ਕੀਤੀ ਕਿ ਲਾਈਬ੍ਰੇਰੀ ਨੇੜੇ ਸਥਿਤ ਹੋਦੀ ਦੀ ਸਫਾਈ ਕਰਵਾਈ ਜਾਵੇ। ਇਸ ਮੌਕੇ ਉਹਨਾਂ ਦੇ ਨਾਲ ਨਰਿੰਦਰ ਸਿੰਘ ਗਿੱਲ ਵੀ ਮੌਜੂਦ ਸਨ।






