ਅਮਰੀਕਾ ਦੇ ਸ਼ਹਿਰ ਲੌਸ ਐਂਜਲਿਸ ਦੇ ਵਸਨੀਕ ਸ਼ਮਿੰਦਰ ਅਨੰਦ ਵੱਲੋਂ ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿੱਚ ਮਨਮਤੀ ਤਬਦੀਲਾ ਕਰ ਕੇ ਇੰਟਰਨੈਟ ਦੇ ਮਾਧਿਅਮ ਰਾਹੀਂ ਵੰਡਣ ਦੀ ਘਟਨਾ ਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇੱਕ ਹੋਰ ਬਹੁਤ ਗੰਭੀਰ ਮਸਲਾ ਸਾਹਮਣੇ ਆਇਆ ਹੈ। ਇਸ ਮਸਲੇ ਵਿੱਚ ਸਮਿੰਦਰ ਦੀ ਸ਼ਮੂਲੀਅਤ ਦੇ ਨਾਲ ਇਸ ਦੇ ਗਿਰੋਹ ਦੇ ਕਈ ਹੋਰ ਵੱਡੇ ਨਾਵਾਂ ਦਾ ਖੁਲਾਸਾ ਵੀ ਹੋਇਆ ਹੈ। ਇਨ੍ਹਾਂ ਵਿੱਚ ਖਾਸ ਕਰਕੇ ਭਜਨੀਤ ਸਿੰਘ ਮਲਿਕ, ਗੁਰਦੀਪ ਸਿੰਘ ਮਲਿਕ (ਦੇਵ ਲੋਸ ਐਂਜਲਿਸ ਤੇ), ਡਾ. ਰਾਜਵੰਤ ਸਿੰਘ (ਮੇਰੀਲੈਂਡ), ਅਤੇ ਗੁਰਦਰਸ਼ਨ ਸਿੰਘ (ਸਾਬਕਾ ਗ੍ਰੰਥੀ, ਗੁਰਦੁਆਰਾ ਗੁਰੂ ਗੋਬਿੰਦ ਸਿੰਘ ਟਾਊਡੇਸ਼ਨ, ਰੈਕਵਿੱਲ) ਆਦਿ ਸ਼ਾਮਲ ਹਨ।
ਇਸ ਗਿਰੋਹ ਨੇ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਅਸਥਾਨ, ਸ੍ਰੀ ਅਕਾਲ ਤਖਤ ਸਾਹਿਬ ਤੋਂ ਆਏ ਹੁਕਮਨਾਮਿਆਂ ਦੀਆਂ ਧੱਜੀਆਂ ਉਡਾਉਂਦਿਆਂ ਹੋਇਆ ਅਤੇ ਬਿਨਾਂ ਕਿਸੇ ਪਰਵਾਨਗੀ ਦੇ, 2014 ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੀਨ ਤੋਂ ਛਪਵਾ ਕੇ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੰਡਣੇ ਅਰੰਭ ਕਰ ਦਿੱਤੇ ਸਨ। ਚਸ਼ਮਦੀਦ ਗਵਾਹਾਂ ਦਾ ਇਹ ਕਹਿਣਾ ਹੈ ਕਿ ਇਹ ਸਰੂਪ ਡਾਕ (UPS) ਰਾਹੀਂ ਭੇਜੇ ਜਾਂਦੇ ਸਨ। ਇਹਨਾਂ ਸਰੂਪਾਂ ਨੂੰ ਲੋਸ ਐਂਜਲਿਸ ਸਥਿਤ ਕਿਸੇ ਗੋਦਾਮ (warehouse) ਵਿੱਚ ਡੱਬਿਆਂ ਵਿੱਚ ਬੰਦ ਕਰਕੇ ਪੈਲਟਾਂ (pullets) ਉਪਰ ਰਖਿਆ ਹੋਇਆ ਸੀ। ਜਾਣਕਾਰੀ ਅਨੁਸਾਰ, 2018-19 ਤੱਕ ਗੁਰੂ ਸਾਹਿਬ ਜੀ ਦੇ ਇਹ ਸਰੂਪ ਡਾਕ ਅਤੇ courier company ਰਾਹੀਂ ਅਮਰੀਕਾ ਦੇ ਵਖਰੇ ਵਖਰੇ ਸ਼ਹਿਰਾਂ ਵਿੱਚ ਬਿਨਾ ਕਿਸੇ ਅਦਬ ਅਤੇ ਸਤਿਕਾਰ ਦੇ ਬਲਕਿ, ਪੂਰੀ ਨਿਰਾਦਰੀ ਨਾਲ ਵੰਡਣ ਦਾ ਕਾਰਜ ਇੰਨ੍ਹਾਂ ਦੋਸ਼ੀਆਂ ਵੱਲੋਂ ਜਾਰੀ ਸੀ। ਇਹ ਸਰੂਪ ਸ਼ਿਕਾਗੋ, ਰੂਸਟਨ, ਸ਼ਾਰਲੈਟ, ਚੌਕਵਿੱਲ (ਮੈਰੀਲੈਂਡ) ਅਤੇ ਹੋਰ ਵੀ ਸ਼ਹਿਰਾਂ ਵਿੱਚ ਵੰਡੇ ਗਏ। ਇਸ ਗਿਰੋਹ ਦੀ ਅਤਿ ਹਿਰਦੇ ਵੇਦਕ ਅਤੇ ਘਿਣਾਉਣੇ ਮਕਸਦ ਸਾਹਮਣੇ ਆਏ ਹਨ ਕਿ ਇਹਨਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਕੁਤਰਨ (shred) ਤਕ ਦੇ ਮਨਸੂਬੇ ਵੀ ਤਿਆਰ ਕਰ ਲਏ ਸਨ। ਇਹ ਸਵਾਲ ਵੀ ਪੁੱਛਿਆ ਜਾ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਹੱਥਾਂ ਨਾਲ ਫਾੜਨ ਜਾਂ shred ਕਰਨ ਵਿੱਚ ਕੋਈ ਅੰਤਰ ਹੈ?
ਸ੍ਰੀ ਅਕਾਲ ਤਖਤ ਸਾਹਿਬ ਤੇ ਅਮਰੀਕਾ ਦੇ ਸਿੱਖਾਂ ਵਲੋਂ ਸ਼ਿਕਾਇਤ ਕਰਨ ਤੇ ਕਾਰਵਾਈ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ 9 ਮੈਂਬਰੀ ਪੜਤਾਲ ਕਮੇਟੀ ਦਾ ਗਠਨ ਕੀਤਾ ਹੈ। ਇਸ ਦੀ ਜਾਣਕਾਰੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਾਪਤ ਹੋਏ ਪਤ੍ਰ ਨੰਬਰ – 3/22/65, ਮਿਤੀ ਮਈ 11, 2022 ਵਿੱਚ ਵਿਸਥਾਰ ਨਾਲ ਦਿੱਤੀ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਾਪਤ ਹੋਈ ਇਸ ਜ਼ਿੰਮੇਵਾਰੀ ਤੋਂ ਉਪਰੰਤ, ਕਮੇਟੀ ਦੇ ਮੈਂਬਰ ਸਾਹਿਬਾਨ ਦੀ ਇੱਕ ਵਿਸ਼ੇਸ਼ ਇਕੱਤਰਤਾ ਹੋਈ ਜਿਸ ਵਿੱਚ ਇਸ ਗੰਭੀਰ ਮਸਲੇ ਤੇ ਅਹਿਮ ਵੀਚਾਰਾਂ ਕੀਤੀਆਂ ਗਈਆਂ। ਆਉਂਦੇ ਦਿਨਾਂ ਵਿੱਚ ਇਸ ਪੜਤਾਲ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਸੰਸਾਰ ਭਰ ਵਿੱਚ ਵਸਦੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਨਾਲ ਇਸ ਮਸਲੇ ਦੀ ਹੋ ਰਹੀ ਜਾਂਚ ਬਾਰੇ ਤੱਥ ਸਾਂਝੇ ਕੀਤੇ ਜਾਣਗੇ। ਪੜਤਾਲ ਕਮੇਟੀ ਨੇ ਸਮੂੰਹ ਸੰਗਤਾਂ ਵੱਲੋਂ ਪੂਰੇ ਸਹਿਯੋਗ ਲਈ ਬਨਤੀ ਕੀਤੀ ਹੈ ਤਾਂ ਜੋ ਇਸ ਮਸਲੇ ਦੀ ਤੈਅ ਤੱਕ ਪਹੁੰਚਿਆ ਜਾ ਸਕੇ ਤਾਕਿ ਇਨ੍ਹਾਂ ਘਟਨਾਵਾਂ ਨੂੰ ਅੱਗੇ ਤੋਂ ਰੋਕਿਆਜਾ ਸਕੇ।






