ਥਮਿੰਦਰ ਸਿੰਘ ਅਤੇ ਉਸਦੇ ਸਾਥੀ ਉਜਾਗਰ ਹੋਣ ਲੱਗੇ!
ਥਮਿੰਦਰ ਆਨੰਦ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਤਨਖਾਹੀਆ ਕਰਾਰ ਦੇਣ ਮਗਰੋਂ ਅਤੇ ਮੈਰੀਲੈਡ ਵਿਖੇ ਡਾ ਰਾਜਵੰਤ ਸਿੰਘ(ਈਕੋਸਿੱਖ) ਵੱਲੋ ਕੋਰੀਅਰ ਡਾਕ ਰਾਹੀ ਡੱਬਿਆਂ ਵਿੱਚ 150 ਸਰੂਪ ਚਾਈਨਾ ਤੋਂ ਛਪੇ ਹੋਏ ਭਜਨੀਤ ਮਲਿਕ ਵੱਲੋ ਭੇਜਣ ਤੇ ਲੈਣ ਸਮੇਂ ਕੀਤੀ ਬੇਅਦਬੀਆਂ ਦੇ ਪਰਦੇ ਗੁਰੂ ਸਾਹਿਬ ਖ਼ੁਦ ਹੀ ਬਿਧ ਬਣਾਕੇ ਚੱਕਦੇ ਜਾ ਰਹੇ ਹਨ। ਸ਼ੋਸਲ ਮੀਡੀਆ ਰਾਂਹੀ ਥਮਿੰਦਰ ਸਿੰਘ ਅਤੇ ਭਜਨੀਕ ਮਲਿਕ ਦਰਮਿਆਨ ਆਈਫ਼ੋਨ ਦੇ ਆਈਮੈਸੇਜ ਰਾਹੀਂ ਜੁਲਾਈ 2019 ਵਿੱਚ ਹੋਈ ਗੱਲਬਾਤ(ਚੈਟ) ਪ੍ਰਾਪਤ ਹੋਏ ਹਨ ਜਿਸ ਵਿੱਚ ਇਹਨਾਂ ਦਾ ਕੱਚਾ ਚਿੱਠਾ ਹੋਰ ਸਾਫ਼ ਹੋ ਗਿਆ ਹੈ।
ਗੁਰੂ ਸਾਹਿਬ ਜੀ ਦੇ ਸਤਿਕਾਰ ਤੇ ਮਾਣ ਮਰਿਯਾਦਾ ਵਾਲੀ ਗੱਲ ਤਾਂ ਇਹਨਾਂ ਦੇ ਜ਼ਿਹਨ ਵਿੱਚ ਦੂਰ ਦੂਰ ਤੱਕ ਨਹੀਂ ਭਾਸਦੀ ਹੈ। ਕਿਉਂਕਿ ਹੁਣ ਥਮਿੰਦਰ ਆਪਣੇ ਵੱਲੋ ਹਜ਼ਾਰਾਂ ਤਬਦੀਲੀਆਂ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਛਾਪਣ ਦੇ ਮਸਲੇ ਵਿੱਚ ਉਲਝਿਆ ਹੋਇਆ ਹੈ ਤੇ ਸੰਗਤਾਂ ਵਿੱਚ ਭਾਰੀ ਰੋਸ ਹੈ ਤੇ ਉਨ੍ਹਾਂ 15 ਮਈ ਨੂੰ ਉਸਦੇ ਘਰ ਦੇ ਬਾਹਰ ਵੱਡੀ ਗਿਣਤੀ ਵਿੱਚ ਰੋਸ ਪ੍ਰਦਸ਼ਨ ਵੀ ਕੀਤਾ ਸੀ, ਇਸ ਲਈ ਹੁਣ ਉਹ ਇਸ ਤਰਾਂ ਮੈਸੇਜਾਂ ਰਾਹੀ ਕੀਤੀ ਹੋਈ ਗੱਲਬਾਤ ਲੀਕ ਕਰਕੇ (ਅੰਦਾਜ਼ਾ ਹੈ) ਆਪਣਾ ਭਾਰ ਨਾਲ ਦੇ ਸਾਥੀਆਂ ਵਿੱਚ ਵੰਡਾਉਣਾ ਚਾਹੁੰਦਾ ਹੈ।
ਮਲਿਕ ਪ੍ਰਵਾਰ ਦਾ ਨਾਮ ਪਹਿਲੋਂ ਵੀ ਸਾਹਮਣੇ ਆਇਆ ਸੀ ਤੇ ਇਹਨਾਂ ਦੀ ਸ਼੍ਰੋਮਣੀ ਕਮੇਟੀ ਵਿੱਚ ਕਾਫ਼ੀ ਪਹੁੰਚ ਵੀ ਹੈ। ਪਰ ਜਿਸ ਤਰਾਂ ਇਹਨਾਂ ਦਾ ਗ਼ੈਰ ਸਿਧਾਂਤਿਕ ਤੇ ਮਨਮਤੀ ਕਾਰਵਾਈਆਂ ਵਿੱਚ ਸਾਮਿਲ ਹੋਣਾ ਸਾਹਮਣੇ ਆ ਰਿਹਾ ਹੈ, ਇਹਨਾਂ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਨਾ ਚਾਹੀਦਾ ਹੈ ਤੇ ਸਾਰੀ ਜਾਣਕਾਰੀ ਲੈਕੇ ਪੰਥ ਨਾਲ ਸਾਂਝੀ ਕਰਨੀ ਚਾਹੀਦੀ ਹੈ। ਜਿਵੇਂਕਿ ਇਹ ਸੁਣਨ ਵਿੱਚ ਆਇਆ ਹੈ ਕਿ ਕਨੇਡਾ ਵਿਚ ਇਸ ਪ੍ਰਵਾਰ ਕੋਲ SGPC ਨੇ ਛਪਵਾਈ ਦੀ ਕੋਈ ਆਗਿਆ ਵਗੈਰਾ ਦਿੱਤੀ ਹੈ ਜਾਂ ਦੇਣ ਲਈ ਕੋਈ ਕਾਰਵਾਈ ਚੱਲ ਰਹੀ ਹੈ ਤਾਂ ਉਹ ਵੀ ਤੁਰੰਤ ਰੋਕ ਕੇ ਵਾਪਸ ਲੈਣੀ ਚਾਹੀਦੀ ਹੈ। ਇਹ ਬੰਦੇ ਗੁਰੂ ਸਾਹਿਬ ਜੀ ਦਾ ਕੋਈ ਮਾਣ-ਸਤਿਕਾਰ, ਮਰਿਯਾਦਾ ਰੱਖ ਸਕਣ ਦੇ ਕਾਬਲ ਨਹੀਂ ਹਨ।
ਮੁੱਕਦੀ ਗੱਲ ਸਿੱਖੀ ਤੇ ਚੁਤਰਫ਼ਾ ਹਮਲੇ ਹੋ ਰਹੇ ਹਨ ਤੇ ਹੁਣ ਇਹਨਾਂ ਸਿੱਧਾ ਗੁਰੂ ਗ੍ਰੰਥ ਸਾਹਿਬ ਵੱਲ ਮੂੰਹ ਕਰ ਲਿਆ ਹੈ ਤੇ ਕਦੇ ਚਾਈਨਾਂ ਤੋਂ ਸਰੂਪ ਛਪਵਾਕੇ ਗੋਦਾਮਾ ਵਿੱਚ ਰੱਖਣਾ, ਫਿਰ ਸੰਭਾਲ ਸਕਣ ਤੋਂ ਅਸਮਰੱਥ ਹੋਣ ਤੇ ਉਹਨਾਂ ਸਰੂਪਾ ਨੂੰ ਮਸ਼ੀਨਓ ਰਾਂਹੀ ਕੁਤਰਾ ਕਰਕੇ ਗਲੋ ਲਾਹੁਣ ਦੀਆਂ ਕੋਸ਼ਿਸ਼ਾਂ ਕਰਨੀਆ, ਕਦੇ ਡਾਕ ਰਾਹੀ ਡੱਬਿਆਂ ਵਿੱਚ ਵੰਡਣਾ ਤੇ ਸਤਿਕਾਰ ਮਾਣ-ਮਰਿਯਾਦਾ ਦੀਆਂ ਧੱਜੀਆਂ ਉਡਾਉਣ ਤੋਂ ਬਾਅਦ ਹੁਣ ਕਲਮ ਚੁੱਕਣ ਦਾ ਹੀਆ ਕੀਤਾ ਹੈ। ਇਹਨਾਂ ਦੀਆਂ ਅਸਲ ਜੜਾਂ ਕਿੱਥੇ ਹਨ ਉਹ ਡੂੰਘਾਈ ਨਾਲ ਖੋਜ ਕਰਨ ਦੀ ਲੋੜ ਹੈ।








