
ਨਿਊਜ਼ ਏਜੰਸੀ ਭਾਸ਼ਾ ਮੁਤਾਬਕ ਸਕਾਟਲੈਂਡ (scotland) ਦੇ ਗਲਾਸਗੋ ਸ਼ਹਿਰ ਦੇ ਮਿਊਜ਼ੀਅਮ (Glasgow Museum) ਨੇ ਸ਼ੁੱਕਰਵਾਰ ਨੂੰ ਭਾਰਤ ਸਰਕਾਰ ਨਾਲ ਇਕ ਸਮਝੌਤੇ ‘ਤੇ ਹਸਤਾਖਰ ਕੀਤੇ, ਜਿਸ ਦੇ ਤਹਿਤ ਚੋਰੀ ਹੋਈਆਂ ਸੱਤ ਕਲਾਕ੍ਰਿਤੀਆਂ ਨੂੰ ਭਾਰਤ ਵਾਪਸ ਭੇਜਿਆ ਜਾਵੇਗਾ। ਵਾਪਸ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਵਿੱਚੋਂ ਇੱਕ ਰੇਤ ਦੇ ਪੱਥਰ ਦੀ ਆਰਟੀਫੈਕਟ ਹੈ।

ਗਲਾਸਗੋ ਲਾਈਫ, ਚੈਰਿਟੀ ਸੰਸਥਾ ਜੋ ਮਿਊਜ਼ੀਅਮ ਨੂੰ ਚਲਾਉਂਦੀ ਹੈ, ਨੇ ਇਸ ਸਾਲ ਦੇ ਸ਼ੁਰੂ ਵਿੱਚ ਕਲਾਕ੍ਰਿਤੀਆਂ ਨੂੰ ਸੌਂਪਣ ਦੀ ਪੁਸ਼ਟੀ ਕੀਤੀ ਸੀ। ਇਸ ਨੂੰ ਯੂਕੇ ਵਿੱਚ ਕਾਰਜਕਾਰੀ ਭਾਰਤੀ ਹਾਈ ਕਮਿਸ਼ਨਰ ਸੁਜੀਤ ਘੋਸ਼ ਦੀ ਮੌਜੂਦਗੀ ਵਿੱਚ ਕੇਲਵਿੰਗਰੋਵ ਆਰਟ ਗੈਲਰੀ ਅਤੇ ਅਜਾਇਬ ਘਰ ਵਿੱਚ ਰਸਮੀ ਰੂਪ ਦਿੱਤਾ ਗਿਆ। ਸੂਰਜ ਭਗਵਾਨ ਦੀ ਕਾਲੇ ਪੱਥਰ ਦੀ ਮੂਰਤੀ ਵੀ ਭਾਰਤ ਨੂੰ ਵਾਪਸ ਕੀਤੀ ਜਾਵੇਗੀ।

ਸੱਤ ਪ੍ਰਾਚੀਨ ਕਲਾਕ੍ਰਿਤੀਆਂ ਦਾ ਭਾਰਤ ਵਾਪਸ ਆਉਣ ਦਾ ਰਾਹ ਹੁਣ ਸਾਫ਼ ਹੋ ਗਿਆ ਹੈ। ਇਹਨਾਂ ਵਿੱਚ ਇੱਕ ਪਰੰਪਰਾਗਤ ਤਲਵਾਰ ਸ਼ਾਮਲ ਹੈ, ਜੋ ਕਿ 14ਵੀਂ ਸਦੀ ਦੀ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ਕਾਨਪੁਰ ਦੇ ਇੱਕ ਮੰਦਰ ਤੋਂ ਲਿਆ ਗਿਆ 11ਵੀਂ ਸਦੀ ਦਾ ਪੱਥਰ ਦਾ ਉੱਕਰਿਆ ਦਰਵਾਜ਼ਾ ਵੀ ਹੈ।

ਯੂ.ਕੇ. ਵਿੱਚ ਕਾਰਜਕਾਰੀ ਭਾਰਤੀ ਹਾਈ ਕਮਿਸ਼ਨਰ ਸੁਜੀਤ ਘੋਸ਼ ਨੇ ਕਿਹਾ ਕਿ ‘ਸਾਨੂੰ ਖੁਸ਼ੀ ਹੈ ਕਿ ਗਲਾਸਗੋ ਲਾਈਫ ਨਾਲ ਸਾਡੀ ਭਾਈਵਾਲੀ ਦੇ ਨਤੀਜੇ ਵਜੋਂ ਗਲਾਸਗੋ ਮਿਊਜ਼ੀਅਮ ਤੋਂ ਭਾਰਤੀ ਕਲਾਕ੍ਰਿਤੀਆਂ ਨੂੰ ਭਾਰਤ ਲਿਆਉਣ ਦਾ ਫੈਸਲਾ ਲਿਆ ਗਿਆ ਹੈ, ਜੋ ਕਿ ਅਟੁੱਟ ਅੰਗ ਹਨ। ਅਸੀਂ ਉਨ੍ਹਾਂ ਸਾਰਿਆਂ ਦੀ ਸ਼ਲਾਘਾ ਕਰਦੇ ਹਾਂ ਜਿਨ੍ਹਾਂ ਨੇ ਇਹ ਸੰਭਵ ਕੀਤਾ।

ਇਹ ਯੂਕੇ ਮਿਊਜ਼ੀਅਮ ਤੋਂ ਕੀਮਤੀ ਪ੍ਰਾਚੀਨ ਕਲਾਕ੍ਰਿਤੀਆਂ ਨੂੰ ਭਾਰਤ ਨੂੰ ਵਾਪਸ ਕਰਨ ਦਾ ਪਹਿਲਾ ਕਦਮ ਮੰਨਿਆ ਜਾਂਦਾ ਹੈ। ਉਮੀਦ ਹੈ ਕਿ ਇਸੇ ਤਰ੍ਹਾਂ ਦੀਆਂ ਪੁਰਾਣੀਆਂ ਭਾਰਤੀ ਕਲਾਕ੍ਰਿਤੀਆਂ ਨੂੰ ਹੋਰ ਥਾਵਾਂ ਤੋਂ ਵੀ ਵਾਪਸ ਲਿਆਂਦਾ ਜਾਵੇਗਾ।

ਇਹ ਸਾਰੀਆਂ ਕਲਾਕ੍ਰਿਤੀਆਂ ਗਲਾਸਗੋ ਦੇ ਅਜਾਇਬ ਘਰ ਨੂੰ ਤੋਹਫੇ ਵਜੋਂ ਦਿੱਤੀਆਂ ਗਈਆਂ ਸਨ। ਗਲਾਸਗੋ ਮਿਊਜ਼ੀਅਮ ਨੇ ਦੱਸਿਆ ਕਿ ਇਹ ਵਸਤਾਂ ਕਾਨਪੁਰ, ਕੋਲਕਾਤਾ, ਗਵਾਲੀਅਰ, ਬਿਹਾਰ ਅਤੇ ਹੈਦਰਾਬਾਦ ਦੀਆਂ ਮੰਨੀਆਂ ਜਾਂਦੀਆਂ ਹਨ। ਉਨ੍ਹਾਂ ਵਿੱਚੋਂ ਕੁਝ ਲਗਭਗ 1,000 ਸਾਲ ਪੁਰਾਣੇ ਮੰਨੇ ਜਾਂਦੇ ਹਨ।






